ਭਿੰਡਰਾਂਵਾਲੇ ਦਾ ਸੰਤਪੁਣਾ ਗੁਰਬਾਣੀ ਦੀ ਕਸਵੱਟੀ ਤੇ.... ਮੱਖਣ ਸਿੰਘ ਪੁਰੇਵਾਲ (sikhmarg.com)
ਸਰਦਾਰ ਸੁਖਜਿੰਦਰ ਸਿੰਘ ਜੀ ਦੇ ਪੱਤਰ ਦਾ ਜਵਾਬ ਦੇਰ ਨਾਲ ਲਿਖਣ ਲਈ ਖਿਮਾਂ ਦਾ ਜਾਚਕ ਹਾਂ। ਇਸ ਦਾ ਕਾਰਣ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਮੇਰੇ ਕੋਲ ਲਿਖਣ ਲਈ ਛੁੱਟੀ ਵਾਲੇ ਦਿਨ ਹੀ ਸਮਾਂ ਹੁੰਦਾ ਹੈ। ਸਰਦਾਰ ਸੁਖਜਿੰਦਰ ਸਿੰਘ ਜੀ ਦੇ ਲਿਖਣ ਮੁਤਾਬਕ, ਜਰਨੈਲ ਸਿੰਘ, ਮਹਾਂਪੁਰਖ ਸਨ, ਸੰਤ ਸਿਪਾਹੀ ਅਤੇ ਸਤਾਰੇ ਵਾਂਗ ਚਮਕਦੇ ਹਨ ਅਤੇ ਬਾਬਾ ਠਾਕਰ ਸਿੰਘ ਸਾਧੂ ਸੁਭਾ ਹਨ ਇਨ੍ਹਾਂ ਤੇ ਈਰਖਾ ਵੱਸ ਹੋ ਕੇ ਦੋਸ਼ ਲਾਏ ਹਨ।
ਆਉ ਹੁਣ ਇਨ੍ਹਾਂ ਗੱਲਾਂ ਤੇ ਵੀਚਾਰ ਕਰੀਏ। ਈਰਖਾ ਵਾਲੀ ਗੱਲ ਤਾਂ ਬਿੱਲਕੁੱਲ ਹੀ ਨਿਰਮੂਲ ਹੈ। ਈਰਖਾ ਤਾਂ ਮੈਂ ਤਾਂ ਕਰਾਂ ਜੇ ਕਰ ਮੈਂ ਕਿਸੇ ਹੋਰ ਡੇਰੇ ਵਾਲੇ ਸਾਧ ਨੂੰ ਮੰਨਦਾ ਹੋਵਾਂ ਕਿ ਉਸ ਦੀ ਵਡਿਆਈ ਘੱਟ ਹੁੰਦੀ ਹੈ। ਮੈਂ ਕੋਈ ਸਿਆਸੀ ਜਾਂ ਧਾਰਮਿਕ ਲੀਡਰ ਵੀ ਨਹੀਂ ਅਤੇ ਨਾ ਹੀ ਕੋਈ ਲੀਡਰੀ ਦੀ ਭੁੱਖ ਹੈ। ਜਦੋਂ ਦੀ ਗੁਰਮਤਿ ਸਮਝੀ ਹੈ ਮੈਂ ਨਾਂ ਕਿਸੇ ਗੁਰਦੁਆਰੇ ਵਿਚ ਧੜੇ ਜਾਂ ਪਾਰਟੀ ਨੂੰ ਵੋਟ ਪਾਈ ਹੈ ਅਤੇ ਨਾ ਹੀ ਪਉਣੀ ਹੈ ਅਤੇ ਨਾ ਹੀ ਕਿਸੇ ਤੋਂ ਵੋਟ ਮੰਗਣੀ ਹੈ।ਮੈਂ ਤਾਂ ਇੱਕ ਸਾਧਾਰਣ ਮਜਦੂਰੀ ਕਰਨ ਵਾਲਾ ਗੁਰੂ ਦਾ ਇੱਕ ਟੁੱਟਾ ਫੁੱਟਾ ਜਿਹਾ ਸਿੱਖ ਹਾਂ। ਮੇਰਾ ਧੜਾ ਸਿਰਫ ਗੁਰੂ ਦਾ ਧੜਾ ਹੈ।
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥ ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
ਹਮਾਰਾ ਧੜਾ ਹਰਿ ਰਹਿਆ ਸਮਾਈ ॥1
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥1 ਰਹਾਉ ॥
ਜਿਨ ਸਿਉ ਧੜੇ ਕਰਹਿ ਸੇ ਜਾਹਿ ॥ ਝੂਠੁ ਧੜੇ ਕਰਿ ਪਛੋਤਾਹਿ ॥
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥2॥
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ ਮਾਇਆ ਕਉ ਲੂਝਹਿ ਗਾਵਾਰੀ ॥
ਜਨਮਿ ਮਰਹਿ ਜੂਐ ਬਾਜੀ ਹਾਰੀ ॥ ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥3॥
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥ ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥4॥
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥ ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥
ਜੈਸਾ ਬੀਜੈ ਤੈਸਾ ਖਾਵੈ ॥ ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥ ਪੰਨਾਂ 366 ॥
ਹੁਣ ਪਰਖੀਏ ਇਨ੍ਹਾਂ ਦੇ ਚਮਕਦੇ ਸਤਾਰੇ ਦੀ ਚਮਕ ਗੁਰਬਾਣੀ ਦੀ ਕੱਸਵੱਟੀ ਲਾ ਕੇ ਕਿ ਉਹ ਵਾਕਿਆਈ ਸੰਤ ਸੀ। ਲਓ ਪੜ੍ਹੋ, ਗੁਰਬਾਣੀ ਅਨੁਸਾਰ ਸੰਤ ਕਿਸ ਨੂੰ ਕਿਹਾ ਜਾ ਸਕਦਾ ਹੈ:
(ੳ) ਆਠ ਪਹਰ ਨਿਕਟਿ ਕਰਿ ਜਾਨੈ ॥ ਪ੍ਰਭ ਕਾ ਕੀਆ ਮੀਠਾ ਮਾਨੈ ॥
ਏਕੁ ਨਾਮੁ ਸੰਤਨ ਆਧਾਰੁ ॥ ਹੋਇ ਰਹੇ ਸਭ ਕੀ ਪਗ ਛਾਰੁ ॥1॥
ਸੰਤ ਰਹਤ ਸੁਨਹੁ ਮੇਰੇ ਭਾਈ ॥ ਉਆ ਕੀ ਮਹਿਮਾ ਕਥਨੁ ਨ ਜਾਈ ॥1॥ ਰਹਾਉ ॥
ਵਰਤਣਿ ਜਾ ਕੈ ਕੇਵਲ ਨਾਮ ॥ ਅਨਦ ਰੂਪ ਕੀਰਤਨੁ ਬਿਸ੍ਰਾਮ ॥
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥2॥
ਕੋਟਿ ਕੋਟਿ ਅਘ ਕਾਟਨਹਾਰਾ ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥
ਸੂਰਬੀਰ ਬਚਨ ਕੇ ਬਲੀ ॥ ਕਉਲਾ ਬਪੁਰੀ ਸੰਤੀ ਛਲੀ ॥3॥
ਤਾ ਕਾ ਸੰਗੁ ਬਾਛਹਿ ਸੁਰਦੇਵ ॥ ਅਮੋਘ ਦਰਸੁ ਸਫਲ ਜਾ ਕੀ ਸੇਵ ॥
ਕਰ ਜੋੜਿ ਨਾਨਕੁ ਕਰੇ ਅਰਦਾਸਿ ॥ ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥ ਪੰਨਾਂ 392 ॥
(ਅ) ਤੇਰੀ ਮਹਿਮਾ ਤੂੰਹੈ ਜਾਣਹਿ ॥ ਅਪਣਾ ਆਪੁ ਤੂੰ ਆਪਿ ਪਛਾਣਹਿ ॥
ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥3॥
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ ਜਿਨ ਦੇਖੇ ਸਭ ਉਤਰਹਿ ਕਲਮਲ ॥
ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥ ਪੰਨਾਂ 108 ॥
( ੲ) ਮਨ ਮੇਰੇ ਰਾਮ ਰਉ ਨਿਤ ਨੀਤਿ ॥ ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥1 ਰਹਾਉ ॥
ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥ ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥2॥
ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ ॥ ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥3॥
ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥ ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥ ਪੰਨਾਂ 1017-18 ॥
(ਸ) ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਊਪਰਿ ਆਕਾਸੁ ॥
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥
ਬ੍ਰਹਮ ਗਿਆਨੀ ਊਚ ਤੇ ਊਚਾ ॥ ਮਨਿ ਅਪਨੈ ਹੈ ਸਭ ਤੇ ਨੀਚਾ ॥
ਬ੍ਰਹਮ ਗਿਆਨੀ ਸੇ ਜਨ ਭਏ ॥ ਨਾਨਕ ਜਿਨ ਪ੍ਰਭੁ ਆਪਿ ਕਰੇਇ ॥ ਪੰਨਾਂ 272
(ਹ) ਸਹਣ ਸੀਲ ਸੰਤੰ ਸਮ ਮਿਤ੍ਰਸ੍ਹ ਦੁਰਜਨਹ ॥ ਪੰਨਾਂ 1356 ॥
(ਕ) ਮੰਤ੍ਰੰ ਰਾਮ ਰਾਮ ਨਾਮੰ ਧ੍ਹਾਨੰ ਸਰਬਤ੍ਰ ਪੂਰਨਹ ॥ ਗ੍ਹਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥
ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥
ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥ ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਹਿਾਗਿ ਸਗਲ ਰੇਣੁਕਹ ॥
ਖਟ ਲਖ੍ਹਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥ ਪੰਨਾਂ 1357 ॥
ਉਪਰ ਲਿਖੇ ਸ਼ਬਦਾਂ ਵਿੱਚੋਂ (ਕ) ਵਾਲੇ ਸ਼ਬਦ ਦੇ ਅਰਥ ਹੀ ਲਿਖ ਰਿਹਾ ਹਾਂ ਜੋ ਇਸ ਤਰ੍ਹਾਂ ਹਨ:
1. ਪਰਮਾਤਮਾ ਦਾ ਨਾਮ ਜਪਣਾ ਅਤੇ ਉਸ ਨੂੰ ਸਰਬ ਵਿਆਪਕ ਜਾਣ ਕੇ ਉਸ ਵਿਚ ਸੁਰਤਿ ਜੋੜਨੀ।
2. ਸੁਖਾਂ ਦੁਖਾਂ ਨੂੰ ਇੱਕੋ ਜਿਹਾ ਸਮਝਣਾ ਅਤੇ ਪਵਿੱਤਰ ਤੇ ਵੈਰ ਰਹਿਤ ਜੀਵਨ ਜੀਉਣਾ।
3. ਸਾਰੇ ਜੀਵਾਂ ਨਾਲ ਪਿਆਰ ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ।
4. ਪ੍ਰਮਾਤਮਾ ਦੀ ਸਿਫ਼ਤ ਸਲਾਹ ਨੂੰ ਜਿੰਦਗੀ ਦਾ ਆਸਰਾ ਬਣਾਉਣਾ ਅਤੇ ਮਾਇਆ ਤੋਂ ਨਿਰਲੇਪ ਰਹਿਣਾ ਜਿਵੇਂ ਕਉਲ ਫੁੱਲ ਪਾਣੀ ਤੋਂ ਅਭਿੱਜ ਰਹਿੰਦਾ ਹੈ।
5. ਸੱਜਣ ਅਤੇ ਵੈਰੀ ਨਾਲ ਇੱਕੋ ਜਿਹਾ ਪ੍ਰੇਮ-ਭਾਵ ਰੱਖਣਾ ਅਤੇ ਪ੍ਰਮਾਤਮਾ ਦੀ ਭਗਤੀ ਵਿਚ ਪਿਆਰ ਬਣਾਉਣਾ।
6. ਪਰਾਈ ਨਿੰਦਾ ਆਪਣੇ ਕੰਨਾਂ ਨਾਲ ਨਾ ਸੁਣਨੀ ਅਤੇ ਆਪਾ ਭਾਵ ਤਿਆਗ ਕੇ ਸਭ ਦੇ ਚਰਨਾ ਦੀ ਧੂੜ ਬਣਨਾ।
ਹੇ ਨਾਨਕ! ਪੂਰਨ ਪੁਰਖਾਂ ਵਿਚ ਇਹ ਛੇ ਲੱਛਣ ਹੁੰਦੇ ਹਨ, ਉਨ੍ਹਾਂ ਨੂੰ ਸਾਧ (ਸੰਤ) ਆਖੀਦਾ ਹੈ।
ਉਪਰ ਲਿਖੇ ਛੇ ਸ਼ਬਦਾਂ ਵਿਚੋਂ ਪੰਜਾਂ ਵਿਚ ਸਤਿਗੁਰੂ ਜੀ ਕਹਿੰਦੇ ਹਨ ਕਿ ਸੰਤ ਲਈ ਮਿੱਤ੍ਰ ਅਤੇ ਵੈਰੀ ਇੱਕ ਬਰਾਬਰ ਹੁੰਦੇ ਹਨ।
ਲਓ ਜੀ ਹੁਣ ਸੁਣੋਂ ਸੁਖਜਿੰਦਰ ਸਿੰਘ ਜੀ ਹੁਣਾਂ ਦੇ ਚਮਕਦੇ ਸਿਤਾਰੇ ਸੰਤ ਜੀ ਦੇ ਇਸ ਵਾਰੇ ਵੀਚਾਰ:
ਇੱਕ ਸਿੱਖ ਦੇ ਹਿੱਸੇ 35-35 ਹਿੰਦੂ ਆਉਂਦੇ ਹਨ।
ਪਿੰਡਾਂ ਵਿਚ ਗੁੱਲੀ ਰਾਮ ਤੇ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ ਅਤੇ ਹੋਰ ਕਈ ਕੁਝ।
ਕੀ ਨਿੰਮਰਤਾ ਸਹਿਤ ਬੇਨਤੀ ਕਰਕੇ ਪੁੱਛਿਆ ਜਾ ਸਕਦਾ ਹੈ ਜੀ ਕਿ ਇਹ ਕਿਹੜੇ ਗੁਰੂ ਦੀ ਸਿੱਖੀ ਹੈ ਜੀ?
ਕੀ ਅਜਿਹੀਆਂ ਗੱਲਾਂ ਕਰਨ ਵਾਲੇ ਨੂੰ ਸੰਤ ਕਿਹਾ ਜਾ ਸਕਦਾ ਹੈ ਜੀ?
ਜੇ ਕਰ ਆਪ ਜੀ ਇਨ੍ਹਾਂ ਗੱਲ੍ਹਾਂ ਨੂੰ ਠੀਕ ਮੰਨਦੇ ਹੋ ਤਾਂ ਕਿਰਪਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਘੱਟੋ ਘੱਟ ਪੰਜ ਸ਼ਬਦ ਲਿਖੋ ਤਾਂ ਕਿ ਮੇਰੇ ਵਰਗੇ ਥੋੜੀ ਸਮਝ ਵਾਲੇ ਨੂੰ ਵੀ ਪਤਾ ਲੱਗ ਜਾਵੇ ਕਿ ਦੂਸਰੇ ਧਰਮ ਦੇ ਲੋਕਾਂ ਨੂੰ ਅਜਿਹੀਆਂ ਗੱਲਾਂ ਕਹਿਣ ਵਾਲਾ ਵੀ ਸੰਤ ਹੁੰਦਾ ਹੈ। ਸਿੱਖਾਂ ਨਾਲ ਧੱਕਾ ਤਾਂ ਕੇਂਦਰ ਸਰਕਾਰ ਕਰਦੀ ਸੀ/ਹੈ ਆਮ ਲੋਕਾਂ ਦਾ ਇਸ ਦੇ ਵਿਚ ਕੀ ਕਸੂਰ?
ਜੇ ਕਰ ਅਜਿਹਾ ਨਹੀ ਕਰ ਸਕਦੇ ਤਾਂ ਕਿਰਪਾ ਕਰਕੇ ਉਹ ਸਾਰੇ ਸਿੱਖ ਇਹ ਦੱਸਣ ਦੀ ਖੇਚਲ ਕਰਨਗੇ ਕਿ ਅਜਿਹੇ ਬੰਦੇ ਨੂੰ ਸੰਤ ਕਹਿਣ ਲਈ ਝੂਠ ਬੋਲ ਕੇ ਲੋਕਾਂ ਨੂੰ ਹਾਲੇ ਹੋਰ ਕਿੰਨਾ ਕੁ ਚਿਰ ਗੁਮਰਾਹ ਕਰਨਾ ਹੈ ਜੀ?
ਉਹ ਇਸ ਲਈ ਗੁਰਬਾਣੀ ਦੀ ਨਿਰਾਦਰੀ ਕਰਨ ਦੀ ਮੁਆਫੀ ਕਦੋਂ ਮੰਗਣਗੇ?
ਕਈ ਸੱਜਣ ਇਹ ਵੀ ਕਹਿੰਦੇ ਹਨ ਕਿ ਉਹ ਮੌਤ ਤੇ ਖੇਲ ਗਿਆ ਇਸ ਲਈ ਉਹ ਬੜਾ ਵੱਡਾ ਸੰਤ ਸੂਰਮਾਂ ਅਤੇ ਸ਼ਹੀਦ ਹੈ।
ਜੇ ਕਰ ਸਿਰਫ ਮੌਤ ਤੇ ਖੇਲਣ ਨਾਲ ਹੀ ਵੱਡਾ ਬਣਦਾ ਹੋਵੇ ਫਿਰ ਤਾਂ ਫਲਸਤੀਨ ਵਾਲੇ ਅਤੇ ਬਿਨ ਲਾਦੇਨ ਦੇ ਆਤਮਘਾਤੀ ਚੇਲੇ ਵੀ ਬਹੁਤ ਮਹਾਨ ਹੋਏ। ਜੋ ਮਰਨ ਦੀ ਰਤਾ ਵੀ ਪਰਵਾਹ ਨਹੀਂ ਕਰਦੇ। ਸਾਰੇ ਲੋਕ ਖਬਰਾਂ ਵਿਚ ਦੇਖ ਹੀ ਰਹੇ ਹਨ ਕਿ ਦੁਨੀਆਂ ਦੀ ਉਨ੍ਹਾਂ ਵਾਰੇ ਕੀ ਰਾਏ ਹੈ।
ਲਓ ਹੁਣ ਪੜੋ, ਗੁਰਬਾਣੀ ਸੂਰਾ ਕਿਸ ਨੂੰ ਮੰਨਦੀ ਹੈ:
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥ ਪੰਨਾਂ 86 ॥
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥ ਪੰਨਾਂ 679 ॥
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥ ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥
ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥ ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥
ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥ ਪੰਨਾਂ 1089 ॥
ਹਉਮੈ, ਹੰਕਾਰ ਅਤੇ ਗੁੱਸੇ ਵਿਚ ਆ ਕੇ ਮਰਨ ਵਾਲੇ ਨੂੰ ਗੁਰਬਾਣੀ ਸੂਰਮਾਂ ਨਹੀਂ ਮੰਨਦੀ। ਕੀ ਭਿੰਡਰਾਂ ਵਾਲਾ ਇਨ੍ਹਾਂ ਤੋਂ ਮੁਕਤ ਸੀ ? ਇਸ ਵਾਰੇ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ। ਇਹ ਤਾਂ ਉਹ ਆਪ ਵੀ ਕਈ ਵਾਰੀ ਕਹਿੰਦਾ ਹੈ ਕਿ ਮੈਨੂੰ ਇਸ ਗੱਲ ਤੋਂ ਗੁੱਸਾ ਕਿਉਂ ਨਾ ਆਵੇ। ਜਿਨ੍ਹਾਂ ਨੇ ਉਸ ਦੀਆਂ ਟੇਪਾਂ ਸੁਣੀਆਂ ਹਨ ਉਹ ਸਭ ਜਾਣਦੇ ਹਨ।
ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਭਿੰਡਰਾਂ ਵਾਲੇ ਜਥੇ ਅਤੇ ਭਾਈ ਰਣਧੀਰ ਸਿੰਘ ਦੇ ਅਖੰਡ ਕੀਰਤਨੀ ਜਥੇ ਦੀ ਆਪਸ ਵਿਚ ਦੂਸ਼ਣਬਾਜੀ ਅਤੇ ਖਹਿਬਾਜੀ 1978 ਤੋਂ ਹੀ ਚਲਦੀ ਆ ਰਹੀ ਸੀ। ਮੋਰਚੇ ਦੋਰਾਨ ਵੀ ਕਾਫੀ ਕੁੱਝ ਹੁੰਦਾ ਰਿਹਾ ਹੈ ਇਸ ਦੀ ਇੱਕ ਝਲਕ ਹੇਠਾਂ ਪੜ੍ਹੋ।
( ਇੱਕ ਇਸ਼ਤਿਹਾਰ ਜੋ 13 ਅਪਰੈਲ ਮੰਜੀ ਸਾਹਿਬ ਵੰਡਿਆ ਗਿਆ ਅਤੇ ਸੰਤ ਸਿਪਾਹੀ ਪੱਤਰ ਵਿਚ ਅਪ੍ਰੈਲ 1984 ਦੇ ਅੰਕ ਵਿਚ ਪੰਨਾਂ 42 ਤੇ ਛਪਿਆ )
ਬਬਰ ਖਾਲਸਾ ਭਿੰਡਰਾਂਵਾਲੇ ਤੋਂ ਜਵਾਬ ਮੰਗਦਾ ਹੈ?
ਬਬਰ ਖਾਲਸਾ ਨੇ ਅੱਜ ਦੇ ਅਖਬਾਰਾਂ ਵਿਚ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੋ ਪੰਜ ਆਦਮੀ ਗੁਰੂ ਨਾਨਕ ਨਿਵਾਸ ਗਏ ਸਨ, ਉਹ ਸਰਕਾਰ ਦੇ ਏਜੰਟ ਸਨ ਇਸ ਕਰਕੇ ਉਨ੍ਹਾਂ ਨੇ ਗੁਰੂ ਨਾਨਕ ਨਿਵਾਸ ਛੱਡਿਆ। ਇਸ ਸਬੰਧੀ ਬਬਰ ਖਾਲਸਾ ਨੇ ਭਿੰਡਰਾਂਵਾਲੇ ਤੋਂ ਹੇਠ ਲਿਖੇ ਸਵਾਲਾਂ ਦੇ ਜਵਾਬ ਮੰਗੇ ਹਨ।
ਕੀ 15 ਦਸੰਬਰ 1983 ਨੂੰ ਪੰਜ ਸਿੰਘ ਜੋ ਆਪਣੇ ਹੀ ਕਮਰਾ ਨੰ: 34 ਵਿਚ ਗਏ ਸਨ, ਉਨ੍ਹਾਂ ਪਾਸ ਕੋਈ ਹਥਿਆਰ ਸੀ? ਕੀ ਉਹ ਆਪਣੇ ਕਮਰਾ ਨੰ: 34 ਬਿਨਾਂ ਕਿਸੇ ਹੋਰ ਕਮਰੇ ਵਿਚ ਗਏ ਸਨ?
ਆਪਣੇ ਆਪ ਨੂੰ ਅਖੌਤੀ ਧਾਰਮਿਕ ਨੇਤਾ ਅਖਵਾਉਣ ਵਾਲਾ ਜੋ ਸਟੇਜਾਂ ਤੇ ਪਰਚਾਰ ਕਰਦਾ ਹੈ ਕਿ ਜੇਕਰ ਕੋਈ ਅੰਮ੍ਰਿਤਧਾਰੀ ਸਿੰਘ ਸ਼ਰਾਬ ਪੀਦਾ ਹੈ ਜਾਂ ਕਿਸੇ ਦੀ ਧੀ ਭੈਣ ਨੂੰ ਹੱਥ ਪਾਉਂਦਾ ਹੈ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦੇਵੋ। ਪਰ ਜੇ ਕਰ ਉਸਦੇ ਆਪਣੇ ਹੀ ਆਦਮੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਾਵਨ ਹਦੂਦ ਅੰਦਰ ਸਰਾਂ ਦੇ ਕਮਰਾ ਨੰ: 171 ਵਿਚ ਸ਼ਰਾਬ ਪੀਂਦੇ ਫੜੇ ਜਾਣ ਤਾਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਤੋਂ ਆ ਕੇ ਛੁਡਾ ਲੈ ਜਾਣ। ਜੇਕਰ ਉਸ ਅਖੌਤੀ ਧਾਰਮਿਕ ਨੇਤਾ ਦਾ ਨਿੱਜੀ ਸੇਵਾਦਾਰ 26.9.83 ਨੂੰ ਕਿਸੇ ਦੀ ਲੜਕੀ ਜਬਰਦਸਤੀ ਚੁੱਕ ਕੇ ਕਮਰਾ ਨੰ: 107 ਵਿਚ ਲੈ ਜਾਵੇ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਨ ਦੀਆਂ ਫੜ੍ਹਾਂ ਮਾਰਨ ਵਾਲੇ ਲੈਫਟੀਨੈਂਟ ਕਮਰੇ ਦੇ ਜਿੰਦਰੇ ਤੋੜ ਕੇ ਆਪਣੇ ਸੇਵਾਦਾਰ ਨੂੰ ਛੁਡਵਾ ਕੇ ਲੈ ਜਾਣ ਤਾਂ ਜਵਾਬ ਦੇਵੇ ਕਿ ਉਸਨੇ ਸ਼ਰਾਬ ਪੀਣ ਵਾਲੇ ਨੂੰ ਮਿਟੀ ਦਾ ਤੇਲ ਪਾ ਕੇ ਕਿਉਂ ਨਹੀਂ ਸੀ ਸਾੜਿਆ ਅਤੇ ਕਿਸੇ ਦੀ ਇਜ਼ਤ ਲੁਟਣ ਵਾਲੇ ਨੂੰ ਗੋਲੀ ਕਿਉਂ ਨਹੀਂ ਮਾਰੀ ?
ਸਿੰਘਾਂ ਨੂੰ ਮੋਟਰ ਸਾਈਕਲ ਅਤੇ ਸ਼ਸਤਰ ਖਰੀਦ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਦੀਆਂ ਡੀਂਗਾਂ ਮਾਰਨ ਵਾਲੇ ਤੋਂ ਸੰਗਤ ਪੁਛਦੀ ਹੈ ਕਿ ਉਹ ਚੰਦੋ ਕਲਾਂ ਤੋਂ ਗੁਰੂ ਸਾਹਿਬ ਦਾ ਸਰੂਪ ਛੱਡ ਕੇ ਗਿਦੜਾਂ ਵਾਂਗ ਕਿਉਂ ਭੱਜਿਆ? ਕੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰਹੀ ਸੀ?
ਸ਼ਹੀਦਾਂ ਦੇ ਬਦਲੇ ਲੈਣ ਦੀ ਗੱਲ ਕਰਨ ਵਾਲਾ ਦੱਸੇ ਕਿ ਉਹ 1978 ਵਿਚ ਵਿਸਾਖੀ ਵਾਲੇ ਦਿਨ ਅਰਦਾਸ ਕਰਕੇ ਕਿਉਂ ਪਿਛੇ ਹੱਟਿਆ?
ਕੀ ਸਰਕਾਰ ਦੀ ਮਿਲੀ ਭੁਗਤ ਨਾਲ ਰਜਿੰਦਰ ਸਿੰਘ ਮਹਿਤਾ, ਜਿਸ ਦੇ ਸਿਰ ਦਾ ਮੁਲ ਮੰਦਰ ਵਿਚ ਗਊ ਦੇ ਸਿਰ ਸਟੁਣ ਦੇ ਕੇਸ ਵਿਚੋਂ ਨਹੀਂ ਕਢਵਾਇਆ?
ਕੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁੱਝ ਅਹੁਦੇਦਾਰ ਸਮਗਲਿੰਗ ਨਹੀਂ ਕਰਦੇ? ਕੀ ਉਹਨਾਂ ਨੇ ਇੱਕ ਲੜਕੀ ਨੂੰ ਅਗਵਾ ਕਰਕੇ ਅਕਾਲ ਰੈਸਟ ਹਾਉਸ ਦੇ ਕਮਰਾ ਨੰ: 24/25 ਵਿਚ ਨਹੀਂ ਰੱਖਿਆ?
ਕੀ 18 ਜਨਵਰੀ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਪਾਨ ਕਰਨ ਗਏ ਸਿੰਘਾਂ ਨੂੰ ਉਸਦੇ ਬੰਦਿਆਂ ਨੇ ਅੰਮ੍ਰਿਤ ਪਾਨ ਕਰਨ ਤੋਂ ਨਹੀਂ ਰੋਕਿਆ?
ਕੀ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦੀ ਉਲੰਘਣਾ ਕਰਕੇ ਹਰਮਿੰਦਰ ਸਿੰਘ ਸੰਧੂ ਦੇ ਠਾਕੇ ਦੀ ਅਰਦਾਸ ਨਹੀਂ ਕੀਤੀ ਗਈ?
ਜੇ ਇਹ ਅਖੌਤੀ ਧਾਰਮਿਕ ਲੀਡਰ ਸੱਚਾ ਹੈ ਤਾਂ ਇਨ੍ਹਾਂ ਕੁੱਝ ਸਵਾਲਾਂ ਦੇ ਜਵਾਬ ਦੇਵੇ। ਅਸੀਂ ਇਨ੍ਹਾਂ ਦੇ ਸਬੂਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਂ ਪੰਥਕ ਇਕਤਰਤਾ ਵਿਚ ਪੇਸ਼ ਕਰਨ ਨੂੰ ਤਿਆਰ ਹਾਂ।