ਬੇਟੀ ਬਚਾਉ ਮੰਚ ਵਲੋਂ ਜਨਵਰੀ 2010 ਤੋਂ ਲੈ ਕੇ ਅਕਤੂਬਰ 2010 ਤੱਕ ਰਜਿਸਟਰ ਹੋਏ ਗਰਭ ਧਾਰਣ ਕਰਨ ਦੇ ਕੇਸਾਂ ਵਿਚੋਂ ਵੱਡੀ ਗਿਣਤੀ ਵਿੱਚ ਗਾਇਬ ਹੋਏ ਕੇਸਾਂ ਦੀ ਪੜਤਾਲ ਕਰਕੇ ਉਪਰੋਕਤ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ।
ਭਰੂਣ ਹੱਤਿਆ ਦਾ ਕਲੰਕ ਆਪਣੇ ਮੱਥੇ ਉਪਰ ਸਹੇੜੀ ਬੈਠੇ ਪੰਜਾਬ ਪ੍ਰਦੇਸ ਦੀਆਂ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਪਾਸੇ ਕਈ ਕਦਮ ਚੁੱਕੇ ਜਾਣ ਦੀਆਂ ਖਬਰਾਂ ਆਮ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਭਾਵੇਂ ਕਿ ਇਹ ਬਿਮਾਰੀ ਭਾਰਤ ਦੇ ਹੋਰ ਸੂਬਿਆਂ ਵਿੱਚ ਵੀ ਪਸਰੀ ਹੋਈ ਹੈ, ਪਰ ਪੰਜਾਬ ਸਮੇਤ ਹਰਿਆਣਾ ਅਤੇ ਦਿੱਲੀ ਵਰਗੇ ਉਤਰੀ ਰਾਜਾਂ ਵਿੱਚ ਇਸਨੇ ਬੜਾ ਹੀ ਦੈਂਤਕ ਰੂਪ ਦਿਖਾਇਆ ਹੈ। ਸਮਾਜ ਸੇਵੀ ਸੰਸਥਾਂਵਾਂ ਅਤੇ ਹੋਰ ਐਨ.ਜੀ.ਓ ਵਲੋਂ ਇਸ ਪਾਸੇ ਸ਼ਲਾਘਾਯੋਗ ਕੰਮ ਕਰਨ ਕਰਕੇ ਪੰਜਾਬ ਵਿੱਚ ਅਲਟਰਾ ਸਾਊਂਡ ਸਕੈਨ ਰਾਹੀਂ ਗਰਭ ਵਿੱਚਲੇ ਬੱਚੇ ਦਾ ਲਿੰਗ ਪਤਾ ਕਰਨ ਦੇ ਕਾਲੇ ਕੰਮਾਂ ਉਪਰ ਤਕਰੀਬਨ ਰੋਕ ਲੱਗ ਚੁੱਕੀ ਹੈ। ਪਰ ਹਾਲੀਆ ਜਾਰੀ ਕੀਤੀ ਤਾਜਾ ਰਿਪੋਰਟ ਨੇ ਇਸ ਸਬੰਧੀ ਕਾਰਵਾਈਆਂ ਉਪਰੋਂ ਪੂਰੀ ਤਰ੍ਹਾਂ ਹੀ ਪਰਦਾ ਚੁੱਕ ਦਿੱਤਾ ਹੈ। ਸਾਰੇ ਦਾਅਵਿਆਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਭਰੁਣ ਗਾਇਬ ਹੋਣੇ ਬੜਾ ਹੀ ਗੰਭੀਰ ਵਿਸ਼ਾ ਬਣ ਗਿਆ ਹੈ।
ਉਪਰੋਕਤ ਰਿਪੋਰਟ ਦੇ ਆਧਾਰ ਤੇ ਜਿਲੇ ਵਾਰ ਗਾਇਬ ਹੋਏ ਭਰੁਣਾਂ ਦੀ ਸੂਚੀ ਇਸ ਪ੍ਰਕਾਰ ਬਣਾਈ ਗਈ ਹੈ।
ਜਿਲਾ ਗਾਇਬ ਹੋਏ ਭਰੂਣ (ਪ੍ਰਤੀਸ਼ਤ)
ਐਸ.ਏ.ਐਸ.ਨਗਰ (ਮੁਹਾਲੀ) 57%
ਪਟਿਆਲਾ 44%
ਫਤਹਿਗੜ ਸਾਹਿਬ 44%
ਕਪੂਰਥਲਾ 38%
ਫਰੀਦਕੋਟ 37%
ਸੰਗਰੂਰ 37%
ਫਿਰੋਜਪੁਰ 31%
ਰੋਪੜ 31%
ਮੋਗਾ 25%
ਬਰਨਾਲਾ 20%
ਜਲੰਧਰ 20%
ਲੁਧਿਆਣਾ 19%
ਹੁਸ਼ਿਆਰਪੁਰ 18%
ਗੁਰਦਾਸਪੁਰ 17%
ਨਵਾਂ ਸ਼ਹਿਰ 16%
ਬਠਿੰਡਾ 15%
ਮਾਨਸਾ 12%
ਤਰਨਤਾਰਨ 9%
ਅੰਮ੍ਰਿਤਸਰ 9%
ਮੁਕਤਸਰ 6%
ਉਪਰੋਕਤ ਅੰਕੜਿਆਂ ਨੂੰ ਗਹੁ ਨਾਲ ਵਾਚੀਏ ਤਾਂ ਇੱਕ ਹੋਰ ਤ੍ਰਾਸਦੀ ਸਾਹਮਣੇ ਆਉਂਦੀ ਹੈ। ਸਭ ਤੋਂ ਖਤਰਨਾਕ ਹਾਲਤ ਮੁਹਾਲੀ, ਪਟਿਆਲਾ ਅਤੇ ਫਤਹਿਗੜ ਸਾਹਿਬ ਜਿਲਿਆ ਤੋਂ ਪ੍ਰਾਪਤ ਹੋਈ ਹੈ। ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਔਸ਼ਤ ਤੋਂ ਵੱਧ ਆਮਦਨ ਵਾਲੇ ਇਹਨਾਂ ਜਿਲਿਆਂ ਵਿਚੋਂ ਇੰਨੀ ਵੱਡੀ ਗਿਣਤੀ ਵਿੱਚ ਭਰੁਣ ਗਾਇਬ ਹੋਣੇ ਬੜਾ ਹੀ ਚਿੰਤਾ ਦਾ ਵਿਸ਼ਾ ਹੈ। ਕਪੂਰਥਲਾ ਜਿਲਾ ਭਾਵੇਂ ਵੱਧ ਪੜ੍ਹੇ ਲਿਖੇ ਲੋਕਾਂ ਦੀ ਕਤਾਰ ਵਿੱਚ ਨਹੀਂ ਆਉਂਦਾ। ਪਰ ਇਥੋਂ ਵੱਡੀ ਗਿਣਤੀ ਵਿੱਚ ਵਿਦੇਸ਼ ਗਏ ਲੋਕਾਂ ਦੀ ਬਦੌਲਤ ਆਰਥਿਕ ਹਾਲਤ ਔਸਤ ਤੋਂ ਵੱਧ ਹੈ, ਇੱਥੇ ਵੀ 38% ਭਰੂਣ ਗਾਇਬ ਹੋਏ ਹਨ।
ਇਸਦੇ ਉਲਟ ਮੁਕਤਸਰ ਵਰਗੇ ਪਛੜੇ ਇਲਾਕਿਆਂ ਚੋਂ ਕੇਵਲ 6% ਪ੍ਰਤੀਸ਼ਤ ਭਰੂਣ ਗਾਇਬ ਹੋਣ ਦੀ ਖਬਰ ਹੈ।
ਇਸਤੋਂ ਇਹੀ ਖਤਰਨਾਕ ਤੱਤਸਾਰ ਕੱਢਿਆ ਜਾ ਸਕਦਾ ਹੈ ਕਿ ਪੜ੍ਹੇ ਲਿਖੇ ਵਰਗ ਵਿੱਚ ਭਰੂਣ ਹੱਤਿਆ ਦੀ ਬਿਮਾਰੀ ਖਤਰਨਾਕ ਹਾਲਤ ਤੱਕ ਪਹੁੰਚ ਚੁੱਕੀ ਹੈ। ਪੜ੍ਹੇ ਲਿਖੇ ਅਮੀਰ ਲੋਕਾਂ ਦੀ ਸੋਚ ਵਿੱਚ ਲੜਕੀ ਪ੍ਰਤੀ ਵਿਚਾਰ ਬੜੇ ਹੀ ਚਿੰਤਾਜਨਕ ਹਨ। ਸਮਾਜ ਦੇ ਇਸ ਕਲੰਕ ਨੂੰ ਪੜ੍ਹੇ ਲਿਖੇ ਲੋਕਾਂ ਦੀ ਸ਼ਹਿ ਮਿਲਣਾ ਕਿਸੇ ਨੂੰ ਵੀ ਹਜਮ ਨਹੀਂ ਹੋ ਰਿਹਾ।
ਮੈਂ ਤਾਂ ਇਸ ਰੂਝਾਣ ਲਈ ਕਥਿੱਤ ਧਾਰਮਿਕ ਵਿਸ਼ਵਾਸ਼ ਅਤੇ ਡੇਰੇਦਾਰਾਂ ਦੇ ਪਾਖੰਡ ਜ਼ਾਲ ਨੂੰ ਹੀ ਜਿੰਮੇਵਾਰ ਸਮਝਦਾ ਹਾਂ। ਪੰਜਾਬ ਵਿਚਲੇ ਡੇਰੇਦਾਰਾਂ ਵਲੋਂ ਕਦੇ ਵੀ ਆਪਣੇ ਸ਼ਰਧਾਲੂਆਂ ਨੂੰ ਲੜਕੀ ਦਾ ਵਰਦਾਨ ਨਹੀਂ ਦਿੱਤਾ ਜਾਂਦਾ। ਸਗੋਂ ਹਮੇਸ਼ਾਂ ਲੜਕੇ ਦੀ ਪ੍ਰਾਪਤੀ ਲਈ ਅਰਦਾਸਾਂ ਅਤੇ ਉਚੇਚੇ ਕਾਰ ਵਿਹਾਰ ਕੀਤੇ ਜਾਂਦੇ ਹਨ। ਲੋਕਾਂ ਦੀ ਮਾਨਸਿਕਤਾ ਨੂੰ ਭਟਕਾਉਣ ਲਈ ਇਹ ਕਥਿੱਤ ਧਾਰਮਿਕ ਆਗੂ ਅਤੇ ਅਖੌਤੀ ਡੇਰੇਦਾਰ ਹੀ ਪ੍ਰਮੁੱਖ ਰੂਪ ਵਿੱਚ ਜਿੰਮੇਵਾਰ ਹਨ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਜੇਕਰ ਇਸ ਸਬੰਧੀ ਕੁੱਝ ਕਰਨਾ ਚਾਹੁੰਦੀਆਂ ਹਨ ਤਾਂ ਨਿਸ਼ਚੇ ਹੀ ਉਹਨਾਂ ਨੂੰ ਇਹਨਾਂ ਡੇਰੇਦਾਰਾਂ ਖਿਲਾਫ ਸੰਘਰਸ਼ ਵਿੱਢਣਾ ਹੋਵੇਗਾ।
ਦੂਜੀ ਕਤਾਰ ਵਿੱਚ ਡੇਰੇਦਾਰਾਂ ਤੋਂ ਬਾਦ ਡਾਕਟਰੀ ਭੇਖ ਵਿੱਚ ਸ਼ਾਮਲ ਹੋ ਚੁੱਕੀਆਂ ਕਾਲੀਆਂ ਬਿੱਲੀਆਂ ਦੀ ਲਗਾਮ ਖਿੱਚਣੀ ਸਮੇਂ ਦੀ ਲੋੜ ਹੈ। ਸਰਕਾਰ ਵਲੋਂ ਭਾਵੇਂ ਕਿ ਸਕੈਨਿੰਗ ਵਗੈਰਾ ਤੇ ਪਾਬੰਦੀ ਲਾਗੂ ਕੀਤੀ ਗਈ ਹੈ। ਪਰ ਇਸ ਆੜ ਵਿੱਚ ਸਮਾਜ ਦਾ ਬੇੜਾ ਗਰਕ ਕਰਨ ਵਾਲੇ ਮੈਡੀਕਲ ਪੇਸ਼ੇ ਨਾਲ ਜੁੜੇ ਲੋਕ ਵੱਧ ਪੈਸਿਆਂ ਦੇ ਲਾਲਚ ਵਿੱਚ ਇਹ ਕਾਲੇ ਕੰਮ ਅੰਜਾਮ ਦੇ ਰਹੇ ਹਨ। ਇਹਨਾਂ ਦੀ ਮਿਲੀ ਭੁਗਤ ਤੋਂ ਬਗੈਰ ਇੰਨੀ ਵੱਡੀ ਗਿਣਤੀ ਵਿੱਚ ਭਰੂਣ ਗਾਇਬ ਹੋਣੇ ਕਦੇ ਵੀ ਸੰਭਵ ਨਹੀਂ। ਇਹਨਾਂ ਖਿਲਾਫ ਕਾਨੂੰਨ ਦਾ ਸਿਕੰਜਾ ਹੋਰ ਜਕੜ ਕੇ ਨੱਥ ਪਾਉਣੀ ਸਮੇਂ ਦੀ ਹੀ ਮੁੱਖ ਲੋੜ ਹੈ।
ਇਸ ਕਲੰਕ ਤੋਂ ਛੁਟਕਾਰਾ ਪਾਉਣ ਲਈ ਸਾਰੇ ਪੰਜਾਬ ਨੂੰ ਜੂਝਣਾ ਹੋਵੇਗਾ, ਪ੍ਰਣ ਲੈਣਾ ਪਵੇਗਾ ਕਿ ਭਾਵੇਂ ਧੀ ਹੋਵੇ ਜਾਂ ਪੁੱਤਰ, ਸਾਰੇ ਹੀ ਵਾਹਿਗੁਰੂ ਜੀ ਦੀ ਦਾਤ ਹੈ। ਇਹਨਾਂ ਨਾਲ ਵਿਤਕਰਾ ਕਰਨਾ ਰੱਬੀ ਹੁਕਮ ਤੋਂ ਸਪੱਸ਼ਟ ਰੂਪ ਵਿੱਚ ਮੂੰਹ ਮੋੜਣਾ ਹੋਵੇਗਾ।
ਪਤਾ ਨਹੀਂ, ਆਉਣ ਵਾਲੇ ਸਮੇਂ ਵਿੱਚ ਸਾਡੇ ਸਮਾਜ ਦਾ ਨਕਸ਼ਾ ਕਿਹੋ ਜਿਹਾ ਬਣਨ ਜਾ ਰਿਹਾ ਹੈ। ਸਾਨੂੰ ਆਪਣੇ ਪੁੱਤਰਾਂ ਲਈ ਨੂੰਹਾਂ ਲੱਭਣੀਆਂ ਹੀ ਮੁਸ਼ਕਲ ਹੋ ਜਾਣਗੀਆਂ। ਚਾਚੀਆਂ, ਤਾਈਆਂ, ਮਾਸੀਆਂ, ਭੂਆਂ ਵਰਗੇ ਰਿਸ਼ਤੇ ਗਾਇਬ ਹੁੰਦੇ ਤਾਂ ਅਸੀਂ ਦੇਖਣੇ ਸ਼ੁਰੂ ਕਰ ਹੀ ਚੁੱਕੇ ਹਾਂ, ਹੁਣ ਤਾਂ ਸੰਤਾਨ ਉਤਪਤੀ ਵੀ ਇੱਕ ਚੁਨੌਤੀ ਬਣਨ ਜਾ ਰਹੀ ਹੈ। ਸਮਾਜ ਦੇ ਜਿੰਮੇਵਾਰ ਲੋਕ ਜਦੋਂ ਜਾਗਣਗੇ, ਸ਼ਾਇਦ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੋਵੇਗੀ।
ਗੁਰਮੀਤ ਸਿੰਘ ਕਾਦੀਆਨੀ,ਕਪੂਰਥਲਾ