ਧਰਮ ਦੀ ਦੁਨੀਆਂ ਵਿੱਚ ਜਦੋਂ ਵੀ ਰੂੜੀ ਵਾਦੀ ਖ਼ਿਆਲਾਂ ਨੂੰ ਛੱਡ ਕੇ ਸਿਧਾਂਤਕ ਢੰਗ ਦੀ ਗੱਲ ਹੋਈ ਹੈ, ਓਦੋਂ ਹੀ ਪੁਰਾਣੀ ਸੋਚ ਨੇ ਇੱਕ ਘੜਿਆ ਘੜਾਇਆ ਸ਼ਬਦ ਵਰਤਿਆ ਤੇ ਕਿਹਾ ‘ਇਹ ਸਰਕਾਰ ਦਾ ਖਰੀਦਿਆ ਹੋਇਆ ਆਦਮੀ ਹੈ, ਇਹ ਸਰਕਾਰੀ ਏਜੰਸੀਆਂ ਦੇ ਕਹੇ ਤੇ ਕੰਮ ਕਰ ਰਿਹਾ ਹੈ। ਇਹ ਕਾਮਰੇਡ ਸੋਚ ਦਾ ਧਾਰਨੀ ਹੈ, ਇਸ ਕੋਲੋਂ ਬਚ ਕੇ ਰਹਿਣਾ ਹੈ ਇਹ ਧਰਮ ਦਾ ਬੇੜਾ ਗਰਕ ਕਰ ਦਏਗਾ। ਭਾਵੇਂ ਉਸ ਬੰਦੇ ਨੇ ਸਾਰੀ ਜ਼ਿੰਦਗੀ ਧਰਮ ਦੀ ਸਿੱਖਿਆ ਦੇਂਦਿਆਂ ਲੰਘਾਅ ਦਿੱਤੀ ਹੋਵੇ। ਗੁਰੂ ਨਾਨਕ ਸਾਹਿਬ ਜੀ ਨੇ ਰੱਬੀ ਵਿਚਾਰਧਾਰਾ ਨੂੰ ਲੋਕਾਂ ਤਾਂਈ ਪਹੁੰਚਾਉਣ ਲਈ ਬਹੁਤ ਹੀ ਸਰਲ ਤਰੀਕਾ ਵਰਤਿਆ। ਲੋਕ ਉਹਨਾਂ ਦੀ ਸਪੱਸ਼ਟ ਵਿਚਾਰਧਾਰਾ ਨਾਲ ਜੁੜੇ। ਪਰ ਫਿਰ ਵੀ ਜੋ ਲੋਕਾਂ ਦੇ ਉਹਨਾਂ ਪ੍ਰਤੀ ਖਿਆਲ ਸਨ ਉਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਜਾਤੀ ਤਜੁਰਬਾ ਦੱਸਦਿਆਂ ਹੋਇਆਂ ਦੱਸਿਆ ਹੈ—
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ॥
ਮਾਰੂ ਮਹਲਾ ੧ ਪੰਨਾ ੯੯੧ਆਸਤਿਕ ਤੇ ਨਾਸਤਿਕ ਦੀ ਪ੍ਰੀਭਾਸ਼ਾ ਅਸੀਂ ਆਪਣੇ ਆਪਣੇ ਤਰੀਕੇ ਨਾਲ ਕਰ ਰਹੇ ਹਾਂ। ਮੰਨਿਆ ਏ ਗਿਆ ਹੈ ਕਿ ਜੋ ਪੂਜਾ ਪਾਠ ਕਰਦਾ ਹੈ ਉਹ ਆਸਤਿਕ ਹੈ ਤੇ ਪੂਜਾ ਪਾਠ ਵਲੋਂ ਹਮੇਸ਼ਾਂ ਕਿਨਾਰਾ ਕਰਨ ਵਾਲਾ ਨਾਸਤਿਕ ਹੈ।
ਨਾਸਤਿਕ ਇੱਕ ਗੱਲ `ਤੇ ਜ਼ੋਰ ਦੇਂਦਾ ਹੈ ਕਿ ਰੱਬ ਕੋਈ ਨਹੀਂ ਹੈ। ਪਰ ਰੱਬ ਦੀ ਬਣਾਈ ਹੋਈ ਨਿਯਮਾਵਲੀ ਤੋਂ ਉਹ ਵੀ ਕਦੇ ਮੁਨਕਰ ਨਹੀਂ ਹੋ ਸਕਦਾ। ਸਰੀਰ ਦੀ ਬਣਤਰ ਹੀ ਦੇਖ ਲਈਏ, ਅੱਖਾਂ ਸਾਹਮਣੇ ਲੱਗੀਆਂ ਹੋਈਆਂ ਹਨ ਹੁਣ ਨਾਸਤਿਕ ਕਹੇ ਕੇ ਮੈਂ ਰੱਬ ਨੂੰ ਨਹੀਂ ਮੰਨਦਾ ਤੇ ਆਪਣੀਆਂ ਅੱਖਾਂ ਮੱਥੇ ਦੇ ਮਗਰਲੇ ਪਾਸੇ ਲਗਾ ਕੇ ਦੇਖਿਆ ਕਰਾਂਗਾ। ਕੀ ਅਜੇਹਾ ਸੰਭਵ ਹੈ? ਨਾਸਤਿਕ ਆਖੇ ਕਿ ਅੱਜ ਤੋਂ ਬਆਦ ਰੱੋਟੀ ਨੱਕ ਰਾਂਹੀਂ ਖਾਇਆ ਕਰਾਂਗਾ, ਮੂੰਹ ਦੀ ਵਰਤੋਂ ਛੱਡ ਦਿੱਤੀ ਹੈ। ਕੀ ਇਸ ਤਰ੍ਹਾਂ ਹੋਏਗਾ? ਗੱਲ ਕੀ ਰੱਬ ਜੀ ਨੂੰ ਕੋਈ ਮੰਨੇ ਭਾਂਵੇਂ ਨਾ ਮੰਨੇ ਪਰ ਰੱਬ ਜੀ ਦੀ ਬਣਾਈ ਹੋਈ ਨਿਯਮਾਵਲੀ ਤੋਂ ਕੋਈ ਵੀ ਇਨਸਾਨ ਮੁਨਕਰ ਨਹੀਂ ਹੋ ਸਕਦਾ।
ਅਸਲ ਲੜਾਈ ਦਾ ਮੁੱਦਾ ਧਾਰਮਕ ਰਸਮਾ ਰਿਵਾਜ ਨਿਬਉਂਣ ਦਾ ਹੈ। ਜਿਸ ਨੂੰ ਸਮਝ ਆ ਗਈ ਉਹ ਧਰਮ ਦੇ ਅੰਧਵਿਸ਼ਵਾਸ ਦੀਆਂ ਫੋਕਟ ਰਸਮਾਂ ਰੀਤਾਂ ਨਹੀਂ ਨਿਬਉਂਦਾ ਤੇ ਜੋ ਅਜੇਹੇ ਕਰਮ ਕਰ ਰਿਹਾ ਹੈ ਉਹ ਆਪਣੇ ਆਪ ਨੂੰ ਰੱਬ ਜੀ ਦੇ ਬਹੁਤ ਨੇੜੇ ਸਮਝਦਾ ਹੈ, ਤੇ ਕਹਿੰਦਾ ਹੈ ਕਿ ਮੈਂ ਆਸਤਿਕ ਹਾਂ।
ਆਸਤਿਕ ਤੇ ਨਾਸਤਿਕ ਦੀ ਲੜਾਈ ਸਦੀਆਂ ਦੀ ਤੁਰੀ ਆ ਰਹੀ ਹੈ ਤੇ ਅਗਾਂਹ ਵੀ ਤੁਰੀ ਰਹਿਣੀ ਹੈ। ਨਾਨਕਾਣਾ ਸਾਹਿਬ ਦੇ ਸਾਕੇ ਦੀ ਯਾਦ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਹੋਂਦ ਵਿੱਚ ਆਇਆ। ਇਸ ਵਿਚਾਰਧਾਰਾ ਨੇ ਜਦੋਂ ਅੰਗੜਾਈ ਲਈ ਤਾਂ ਪ੍ਰੰਪਰਵਾਦੀ ਸੋਚ ਨੂੰ ਇੰਜ ਮਹਿਸੂਸ ਹੋਇਆ ਕਿ ਸਾਡੀ ਸਦੀਆਂ ਦੀ ਬਣੀ ਹੋਈ ਪ੍ਰਤਿਸ਼ਟਾ ਖੁਸ ਜਾਏਗੀ। ਸਦੀਆਂ ਤੋਂ ਧਰਮ `ਤੇ ਕਬਜ਼ਾ ਜਮਾਈ ਬੈਠੇ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਇਹ ਜੋ ਪਰਚਾਰ ਕਰ ਰਹੇ ਹਨ ਇਹ ਨਾਸਤਿਕ ਹਨ, ਇਹ ਗੁਰੂ ਨਾਲੋਂ ਤੋੜਦੇ ਹਨ ਤੇ ਲੋਕਾਂ ਵਿੱਚ ਸ਼ਰਧਾ ਨਹੀਂ ਰਹਿਣ ਦੇਣਗੇ। ਜੇ ਸ਼ਰਧਾ ਨਾ ਰਹੀ ਤਾਂ ਧਰਮ ਨਹੀਂ ਰਹੇਗਾ।
ਪਿੰਡਾਂ ਦੀਆਂ ਕਬਰਾਂ ਤੇ ਮੇਲੇ ਲਗਾਉਣ ਵਾਲੇ ਤੇ ਚਾਦਰਾਂ ਚੜ੍ਹਾਉਣ ਵਾਲੇ ਆਪਣੇ ਆਪ ਨੂੰ ਆਸਤਿਕ ਗਿਣਦੇ ਹਨ। ਜਿਹੜਾ ਇਹਨਾਂ ਨੂੰ ਕਹੇ ਕਿ ਭਈ ਮਿੱਟੀ ਦੀ ਢੇਰੀ ਤੇ ਚਾਦਰ ਚੜ੍ਹਾਉਣ ਨਾਲ ਰੱਬ ਨਹੀਂ ਜੇ ਮਿਲਣਾ ਬੇ ਸ਼ੱਕ ਸੈਂਕੜੇ ਚਾਦਰਾਂ ਚੜ੍ਹਾ ਲਓ ਤਾਂ ਅਜੇਹੇ ਆਸਤਿਕਾਂ ਦੀ ਨਜ਼ਰ ਵਿੱਚ ਕਹਿਣ ਵਾਲੇ ਨਾਸਤਿਕ ਹਨ।
ਰੁੱਖਾਂ, ਪੰਛੀਆਂ, ਬੱਦਲਾਂ, ਤੇਜ਼ ਹਨੇਰੀਆਂ, ਚੰਦ-ਸੂਰਜ, ਨਦੀਆਂ-ਨਾਲਿਆਂ ਦੀ ਪੂਜਾ ਕਰਨ ਵਾਲਾ ਆਪਣੇ ਆਪ ਨੂੰ ਆਸਤਿਕ ਗਿਣਦਾ ਹੈ ਤੇ ਜੋ ਇਹ ਕਹਿੰਦਾ ਹੈ ਕਿ ਸਾਰਾ ਕੁੱਝ ਰੱਬ ਜੀ ਦੇ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ ਤੇ ਇਹਨਾਂ ਦੀ ਪੂਜਾ ਕਰਨ ਦਾ ਕੋਈ ਲਾਭ ਨਹੀਂ ਹੈ ਸਗੋਂ ਕੁਦਰਤ ਦੀਆਂ ਸ਼ਕਤੀਆਂ ਦਾ ਮਨੁੱਖ ਨੂੰ ਸੂਝ ਨਾਲ ਲਾਭ ਉਠਾਉਣਾ ਚਾਹੀਦਾ ਹੈ। ਕੁਦਰਤੀ ਅਜੇਹਾ ਸ਼ਖਸ਼ ਨਾਸਤਿਕਾਂ ਦੀ ਗਿਣਤੀ ਵਿੱਚ ਗਿਣਿਆ ਜਾਂਦਾ ਹੈ।
ਅਖੰਡ ਪਾਠ ਕਰਨ ਲੱਗਿਆਂ ਕਿਹਾ ਜਾਏ ਕਿ ਭਈ ਨਾਰੀਅਲ, ਜੋਤ ਜਗਾਉਣੀ ਜਾਂ ਕੁੰਭ ਰੱਖਣਾ ਮਨਮਤ ਹੈ ਤਾਂ ਧਰਮੀ ਲਿਬਾਸ ਪਹਿਨੀ ਭਾਈ ਫੱਟ ਕਹਿ ਦੇਣਗੇ ਦੇਖੋ ਜੀ ਘੋਰ ਕਲਜੁੱਗ ਦਾ ਜ਼ਮਾਨਾ ਆ ਗਿਆ ਹੈ। ਕਿੱਡੇ ਵੱਡੇ ਨਾਸਤਿਕ ਹਨ ਕਿ ਇਹ ਅਖੰਡ ਪਾਠ ਦੀ ਪੂਰੀ ਸਮੱਗਰੀ ਵੀ ਨਹੀਂ ਰੱਖਣ ਦੇਂਦੇ।
ਨੰਗੇਜ ਨੂੰ ਮੁੱਖ ਰੱਖਦਿਆਂ ਪਰਦੇ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਬਦਲ ਕੇ ਘੋਰ ਮਨਮਤ ਕਰੇ ਉਹ ਆਸਤਿਕ ਤੇ ਜਿਹੜਾ ਅਜੇਹੀ ਮਨਮਤ ਤੋਂ ਹਟਾਵੇ ਉਹ ਨਾਸਤਿਕ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਪਾਣੀ ਵਾਲੀ ਗਾਗਰ ਰੱਖ ਕੇ ਜਾਂ ਬੋਤਲਾਂ ਭਰ ਭਰ ਕੇ ਦਈ ਜਾਏ ਉਹ ਆਸਤਿਕ ਜਿਹੜਾ ਅਜੇਹੀ ਮਨਮਤ ਤੋਂ ਰੋਕੇ ਉਹ ਨਾਸਤਿਕ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਪਾਸੋਂ ਧਰਮ ਨੂੰ ਬਹੁਤ ਵੱਡਾ ਖਤਰਾ ਹੈ।
ਮਿਰਤਕ ਸੰਸਕਾਰ ਸਮੇਂ ਜਿਹੜਾ ਬ੍ਰਹਾਮਣੀ `ਤੇ ਤਰਜ਼ ਬਿਸਤਰਾ, ਭਾਂਡੇ, ਮੰਜੀ ਆਦ ਦੇਵੇ ਉਹ ਆਸਤਿਕ ਜਿਹੜਾ ਇਹਨਾਂ ਦੀ ਅਸਲੀਅਤ ਸਬੰਧੀ ਜਾਣਕਾਰੀ ਦੇਵੇ ਉਹ ਨਾਸਤਿਕ।
ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਜਾਂ ਦਹੀਂ ਨਾਲ ਇਸ਼ਨਾਨ ਕਰਾਵੇ ਉਹ ਆਸਤਿਕ ਤੇ ਵੱਡਾ ਗੁਰਸਿੱਖ, ਗੁਰਮੁਖ ਪਿਆਰਾ ਤੇ ਪਹੁੰਚਿਆ ਹੋਇਆ ਸਿੱਖ। ਜਿਹੜਾ ਕਹੇ ਕਿ ਸ਼ਿਵਲਿੰਗ ਵਾਂਗ ਕਿਉਂ ਕੱਚੀ ਨਾਲ ਨਿਸ਼ਾਨ ਸਾਹਿਬ ਦਾ ਇਸ਼ਨਾਨ ਕਰਾ ਰਹੇ ਹੋ ਤਾਂ ਉਹ ਮੂੰਹ ਫੱਟ ਨਾਸਤਿਕ।
ਜਿਹੜਾ ਬਾਬਾ ਮਨਘੜਤ ਸਾਖੀਆਂ ਸੁਣਾਵੇ ਉਹ ਬ੍ਰਹਮ ਗਿਆਨੀ ਤੇ ਜਿਹੜਾ ਗੁਰਬਾਣੀ ਦਾ ਪੱਖ ਰੱਖ ਕੇ ਗਪੌੜਿਆਂ ਨੂੰ ਰਦ ਕਰੇ ਉਹ ਪੱਕਾ ਨਾਸਤਿਕ ਤੇ ਲੋਕਾਂ ਦੀ ਸ਼ਰਧਾ ਤੋੜਨ ਵਾਲਾ ਪਾਪੀ ਹੈ।
ਵੀਰਵਾਰ ਨੂੰ ਖਾਨਗਾਹਾਂ ਤੇ ਤੇਲ ਚੜ੍ਹਾਵੇ, ਮਿੱਠਿਆਂ ਚੌਲ਼ਾਂ ਦੀਆਂ ਦੇਗਾਂ ਕਰਾਵੇ, ਮੰਗਲਵਾਰ ਨੂੰ ਪੀਲੇ ਰੰਗ ਦਾ ਗੁਰਦੁਆਰੇ ਬਦਾਨਾ ਚੜ੍ਹਾਵੇ ਤੇ ਸ਼ਨੀਚਰਵਾਰ ਨੂੰ ਕਾਲੇ ਮਾਂਹ ਚੜ੍ਹਾਵੇ ਉਹ ਆਸਤਿਕ ਤੇ ਗੁਰਮੁਖ ਪਿਆਰੇ ਹਨ। ਜਿਹੜਾ ਇਹ ਕਹੇ ਕਿ ਇਹ ਸਾਰਾ ਕੁੱਝ ਗੁਰਮਤ ਨਹੀਂ ਹੈ ਉਹ ਦੁਸ਼ਮਣੀ ਸਹੇੜ ਲੈਂਦਾ ਹੈ ਤੇ ਨਾਲੇ ਨਾਸਤਿਕ ਬਣ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਚਿੱਤਰ ਨਾਟਕ ਦਾ ਪ੍ਰਕਾਸ਼ ਕਰਾਵੇ ਉਹ ਸ਼ਰਧਵਾਨ, ਪਹੁੰਚਿਆ ਹੋਇਆ ਬ੍ਰਹਮ ਗਿਆਨੀ ਤੇ ਪੱਕਾ ਆਸਤਿਕ ਹੈ। ਜਿਹੜੇ ਇਹ ਕਹਿਣ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਤੁਲ ਕਿਸੇ ਵੀ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ ਉਹ ਨਾਸਤਿਕ ਤੇ ਸਰਕਾਰੀ ਹੱਥ ਠੋਕੇ ਅਖਵਾਏ ਜਾਂਦੇ ਹਨ।
ਜਿਹੜਾ ਪੁਰਾਣਾ ਲੇਖਕ ਹੇਮਕੁੰਟ ਵਰਗੀ ਬਿਮਾਰੀ ਸਿੱਖਾਂ ਦੇ ਗਲ਼ ਪਾ ਗਿਆ ਹੋਵੇ ਉਹ ਸੰਤ ਕਵੀ, ਰੂਹਾਨੀਅਤ ਦਾ ਮਾਲਕ, ਅਸਮਾਨੀ ਉਡਾਰੀਆਂ ਮਾਰਨ ਵਾਲਾ ਮਹਾਂਪੁਰਸ਼ ਤੇ ਜਿਹੜਾ ਲੇਖਕ ਅਜੇਹੀ ਆਵੱਗਿਆ ਦੇ ਵਿਰੋਧ ਵਿੱਚ ਖੜਾ ਹੁੰਦਾ ਹੈ ਉਸ ਦੇ ਵਿਰੋਧ ਵਿੱਚ ਹੁਕਮ ਨਾਮੇ ਜਾਰੀ ਹੁੰਦੇ ਹਨ ਕਿ ਇਹ ਨਿਰੇ ਨਾਸਤਿਕ ਹੀ ਨਹੀਂ ਹਨ, ਸਗੋਂ ਸੰਗਤ ਦੀ ਸ਼ਰਧਾ ਵੀ ਤੋੜਦੇ ਹਨ, ਚਲੋ ਪੰਥ ਵਿਚੋਂ ਬਾਹਰ।
ਜਿਹੜਾ ਗੁਰ-ਬਿਲਾਸ ਪਾਤਸ਼ਾਹੀ ਛੇਵੀਂ ਗੁਰੂ ਨਿੰਦਕ ਪੁਸਤਕ ਕੌਮ ਦੇ ਗਲ ਮੜੇ ਉਹ ਜੱਥੇਦਾਰ, ਸਿੰਘ ਸਾਹਿਬ, ਆਸਤਿਕ ਤੇ ਜਿਹੜਾ ਗੁਰ ਨਿੰਦਕ ਪੁਸਤਕ ਦੀ ਸਹੀ ਜਾਣਕਾਰੀ ਦੇਵੇ ਉਹ ਪੰਥ ਵਿਚੋਂ ਖਾਰਜ ਤੇ ਨਾਲ ਨਾਸਤਿਕ ਘੋਸ਼ਤ ਕਰ ਦਿੱਤਾ ਜਾਂਦਾ ਹੈ।
ਅਸਲ ਨਾਸਤਿਕ ਬੰਦਾ ਉਹ ਹੈ ਜੋ ਹਕੀਕਤਾਂ ਨੂੰ ਜਾਣਦਾ ਹੋਇਆ ਵੀ ਅੱਖਾਂ ਮੀਟ ਲਏ। ਜੇ ਆਦਮੀ ਸਾਰੀਆਂ ਹੀ ਧਾਰਮਿਕ ਰਸਮਾ ਨਿਬਹੁੰਦਾ ਹੋਵੇ। ਜਨੀ ਕਿ ਧਰਮ ਦੇ ਸਾਰੇ ਹੀ ਕਰਮ ਸਹੀ ਤਰੀਕੇ ਨਾਲ ਕਰ ਰਿਹਾ ਹੋਵੇ ਪਰ ਉਹ ਦੁੱਧ ਦਾ ਧੰਧਾ ਕਰਦਾ ਹੋਇਆ ਦੁੱਧ ਵਿੱਚ ਮਿਲਾਵਟ ਕਰੇ ਕੀ ਉਹ ਆਸਤਿਕ ਹੈ?
ਦਫ਼ਤਰ ਸਮੇਂ ਸਿਰ ਨਾ ਪਹੁੰਚਣ ਵਾਲਾ, ਆਪਣੀ ਸੀਟ `ਤੇ ਬੈਠਾ ਹੋਇਆ ਦਫ਼ਤਰੀ ਫਾਈਲਾਂ ਦਾ ਕੰਮ ਨਾ ਕਰੇ, ਕ੍ਰਿਕਟ ਦੀ ਕੁਮੈਂਟਰੀ ਸੁਣ ਰਿਹਾ ਹੋਵੇ, ਸਾਹਮਣੇ ਉਸ ਦੇ ਦਸਖਤ ਕਰਾਉਣ ਲਈ ਲੋਕਾਂ ਦੀ ਲਾਈਨ ਲੱਗੀ ਹੋਵੇ ਅਸਲੋਂ ਨਾਸਤਿਕ ਹੈ।
ਧਰਮ ਦੇ ਕਰਮ-ਕਾਂਡ ਦੀਆਂ ਰਸਮਾ ਨਾ ਨਿਭਾਵੇ, ਦਿਖਾਵੇ ਵਾਲਾ ਪੂਜਾ ਪਾਠ ਨਾ ਕਰਦਾ ਹੋਵੇ, ਕਿਸੇ ਤੀਰਥ ਯਾਤਰਾ `ਤੇ ਵੀ ਨਾ ਜਾਵੇ, ਪਹਿਲ ਦੇ ਅਧਾਰ `ਤੇ ਹਰ ਇੱਕ ਦਾ ਬਿਨਾ ਭਿੰਨ ਭਾਵ ਦੇ ਕੰਮ ਕਰਦਾ ਹੋਵੇ ਆਸਤਿਕ ਦੀਆਂ ਨਜ਼ਰਾਂ ਵਿੱਚ ਨਾਸਤਿਕ ਹੈ ਪਰ ਅਜੇਹਾ ਮਨੁੱਖ ਧਰਮੀਆਂ ਦੀ ਨਜ਼ਰ ਵਿੱਚ ਨਾਸਤਿਕ ਹੁੰਦਾ ਹੋਇਆ ਵੀ ਵੱਡਾ ਆਸਤਿਕ ਹੈ।
ਧਰਮਿਕ ਲੋਕਾਂ ਨੇ ਇੱਕ ਬਹੁਤ ਵੱਡਾ ਵਹਿਮ ਪਾਲ ਲਿਆ ਹੈ ਕਿ ਜਿਸ ਨੇ ਖਾਸ ਕਿਸਮ ਦੇ ਬਸਤਰ ਪਹਿਨ ਲਏ ਹੋਣ, ਹੱਥ ਵਿੱਚ ਮਾਲਾ ਫੜ ਲਏ, ਕਿਰਤੀਆਂ ਨੂੰ ਸਵਰਗ ਦੇ ਲਾਰੇ ਲਗਾ ਆਪ ਐਸ਼ ਕਰਦਾ ਹੋਵੇ, ਅਜੇਹੇ ਵਿਹਲੜ ਕਿਸਮ ਦੇ ਆਪੇ ਬਣੇ ਆਸਤਿਕਾਂ ਨੂੰ ਧਰਤੀ ਦੇ ਬੋਝ ਹੀ ਸਮਝਣਾਂ ਚਾਹੀਦਾ ਹੈ। ਇਹਨਾਂ ਨੂੰ ਲਗਦੇ ਚਾਰੇ ਧੇਲੇ ਦੀ ਵੀ ਕੋਈ ਵਸਤੂ ਨਹੀਂ ਦੇਣੀ ਚਾਹੀਦੀ ਅਜੇਹੇ ਬੰਦੇ ਧਰਤੀ `ਤੇ ਬੋਝ ਵਾਲੇ ਆਸਤਿਕਾਂ ਸਬੰਧੀ ਗੁਰਬਾਣੀ ਫਰਮਾਣ ਹੈ—
ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ॥
ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ॥
ਸਲੋਕ ਮ: ੩ ਪੰਨਾ ੧੪੧੩ਅਜੇਹੇ ਆਸਤਿਕ ਸਬੰਧੀ ਇੱਕ ਬੜਾ ਪਿਆਰਾ ਵਾਕ ਹੈ----
ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ॥
ਕੀਤਾ ਕਰਤਿਆ ਬਿਰਥਾ ਗਇਆ ਇਕੁ ਤਿਲੁ ਥਾਇ ਨ ਪਾਈ॥
ਸਲੋਕ ਮ: ੩ ਪੰਨਾ ੧੪੧੪
ਲੇਖਕ - ਗਿਆਨੀ ਗੁਰਬਚਨ ਸਿੰਘ ਜੀ ਥਾਈਲੈਂਡ