Thursday, May 19, 2011

ਮਾਸ ਖਾਣ ਦਾ ਝਗੜਾ, ਭੰਬਲਭੂਸਾ ਅਤੇ ਗੁਰਮਤਿ ਵਿਚਾਰ ਚਰਚਾ



ਕੁਝ ਸਮਾਂ ਪਹਿਲੇ ਸਿੱਖ ਮਾਰਗ ਵੈਬਸਾਈਟ ਤੇ ਮਾਸ ਬਾਰੇ ਚਰਚਾ ਚੱਲੀ ਸੀ ਅਤੇ ਡੇਰਾਵਾਦੀ ਪ੍ਰਚਾਰਕ ਅਕਸਰ ਹੀ ਕਥਾ ਕੀਰਤਨ ਕਰਦੇ ਮਾਸਹਾਰੀਆਂ ਨੂੰ ਨਿੰਦਦੇ ਰਹਿੰਦੇ ਹਨ। ਕੁਝ ਪਾਠਕਾਂ ਨੇ ਦਾਸ ਨੂੰ ਵੀ ਇਸ ਬਾਰੇ ਵਿਚਾਰ ਕਰਨ ਲਈ ਕਿਹਾ ਸੀ। ਸੋ ਦਾਸ ਗੁਰਬਾਣੀ ਅਤੇ ਇਤਿਹਾਸ ਰਾਹੀਂ ਇਸ ਵਿਸ਼ੇ ਤੇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰਥਕ ਚਰਚਾ ਕੋਈ ਵੀ ਮਾੜੀ ਨਹੀਂ ਪਰ ਢੁਚਰਾਂ ਢਾਈ ਜਾਣੀਆਂ ਪਾਣੀ ਰਿੜਕਨ ਵਾਲੀ ਗੱਲ ਹੈ। ਜਿਨਾ ਚਿਰ ਗੋਲ-ਮੋਲ ਗੱਲਾਂ ਕਰੀ ਜਾਵਾਂਗੇ ਕਿਸੇ ਦੇ ਪੱਲੇ ਕੁਝ ਨਹੀਂ ਪੈਣਾ। ਦੇਖੋ ਸੰਸਾਰ ਵਿੱਚ ਅਨੇਕ ਤਰ੍ਹਾਂ ਦੇ ਭੋਜਨ ਹਨ ਅਤੇ ਖਾਣ ਵਾਲੇ ਵੀ ਅਨੇਕ ਹਨ ਪਰ ਗਊ ਬਕਰੀ ਆਦਿਕ ਜਾਨਵਰਾਂ ਬਾਰੇ ਦੇਖਿਆ ਜਾਂਦਾ ਹੈ ਕਿ ਉਹ ਮਾਸ ਨਹੀਂ ਖਾਂਦੇ ਸਗੋਂ ਘਾਸ ਹੀ ਖਾਂਦੇ ਹਨ ਅਤੇ ਸ਼ੇਰ ਕੇਵਲ ਮਾਸ ਹੀ ਖਾਂਦਾ ਹੈ। ਮਨੁੱਖ ਮਾਸ ਤੇ ਘਾਸ (ਅੰਨ ਜਬਜੀਆਂ ਫਲ) ਆਦਿਕ ਦੋਵੇਂ ਖਾ ਕੇ ਪਚਾ ਸਕਦਾ ਹੈ। ਇਸ ਕਰਕੇ ਮਨੁੱਖ ਨੂੰ ਇਕੱਲਾ ਘਾਸ (ਸਾਕਾਹਾਰੀਆਂ) ਦੀ ਕੈਟਾਗਿਰੀ ਵਿੱਚ ਹੀ ਨਹੀਂ ਰੱਖਿਆ ਜਾ ਸਕਦਾ। ਬਾਕੀ ਜੂਨਾਂ ਸਭ ਮਨੁੱਖ ਲਈ ਹਨ ਅਤੇ ਇਸ ਧਰਤੀ ਤੇ ਰੱਬ ਨੇ ਮਨੁੱਖ ਨੂੰ ਸਿਕਦਾਰੀ ਬਖਸ਼ੀ ਹੈ- ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ (374) ਸੰਸਾਰ ਵਿੱਚ ਜੀਵ ਜੀਵਾਂ ਦਾ ਅਹਾਰ ਕਰਦੇ ਆ ਰਹੇ ਹਨ- ਜੀਆਂ ਕਾ ਆਹਾਰ ਜੀਅ ਖਾਣਾ ਏਹੁ ਕਰੇਹਿ॥ (824) ਕੋਈ ਖਾਈ ਜਾ ਰਿਹਾ ਹੈ, ਕੋਈ ਮਾਰੀ ਜਾ ਰਿਹਾ ਹੈ। ਕਰਤੇ ਦੀ ਵਿਸ਼ਾਲ ਰਚਨਾ ਵਿੱਚ ਐਸਾ ਹੁੰਦਾ ਆ ਰਿਹਾ ਹੈ।
ਮਨੁੱਖ ਨੇ ਆਪਣੀ ਸੀਮਤ ਬੁੱਧੀ ਅਨੁਸਾਰ ਕਿਸੇ ਚੀਜ ਨੂੰ ਪਾਪ ਤੇ ਕਿਸੇ ਚੀਜ ਨੂੰ ਪੁੰਨ ਮੰਨ ਲਿਆ ਹੈ। ਜਿਵੇਂ ਗਊ ਖਾਣੀ ਹਿੰਦੂ ਵਾਸਤੇ ਪਾਪ, ਤੇ ਸੂਰ ਖਾਣਾ ਮੁਸਲਮਾਨ ਵਾਸਤੇ ਹਰਾਮ ਮੰਨਿਆਂ ਗਿਆ ਹੈ। ਹਿੰਦੂਆਂ ਦੇ ਬਹੁਤੇ ਫਿਰਕੇ ਵੈਸ਼ਨੂੰ ਮੰਨੇ ਜਾਂਦੇ ਹਨ। ਸਿੱਖ ਨਾਂ ਹਿੰਦੂ ਤੇ ਨਾਂ ਮੁਸਲਮਾਨ ਹਨ- ਨਾ ਹਮ ਹਿੰਦੂ ਨ ਮੁਸਲਮਾਨ॥ (1136) ਗੁਰੂ ਨਾਨਕ ਜੀ ਨਾਲ ਵੀ ਇਸ ਵਿਸ਼ੇ ਤੇ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਚਰਚਾ ਹੋਈਆਂ, ਪਰ ਗੁਰੂ ਜੀ ਨੇ ਇਸ ਨੂੰ ਮੂਰਖਾਂ ਦਾ ਝਗੜਾ ਕਹਿ ਅਤੇ ਠੋਸ ਦਲੀਲਾਂ ਦੇ ਕੇ ਖਤਮ ਕੀਤਾ- ਮਾਸੁ ਮਾਸੁ ਕਰਿ ਮੂਰਖ ਝਗੜੇ..(1290) ਗੁਰਬਾਣੀ ਵਿੱਚ ਵਿਸ਼ੇ ਵਿਕਾਰਾਂ, ਨਸ਼ਿਆਂ ਅਤੇ ਮਾੜੇ ਕੰਮਾਂ ਦਾ ਤਾਂ ਖੰਡਨ ਹੈ, ਪਰ ਕਿਸੇ ਭੋਜਨ ਮਾਸ ਆਦਿਕ ਦਾ ਨਹੀਂ। ਨਸ਼ੇ ਮਤ ਮਾਰਦੇ ਹਨ- ਜਿਤਿ ਪੀਤੈ ਮਤਿ ਦੂਰਿ ਹੋਇ..॥ (554) ਅਤੇ ਵਿਕਾਰ ਆਦਿਕ ਸਰੀਰ ਨੂੰ ਗਾਲਦੇ ਹਨ- ਕਾਮੁ ਕ੍ਰੋਧੁ ਕਾਇਆਂ ਕਉ ਗਾਲੈ॥ ਜਿਉ ਕੰਚਨ ਸੁਹਾਗਾ ਢਾਲੈ॥ (932) ਇਸ ਕਰਕੇ ਡਾਕਟਰ ਆਦਿਕ ਵੀ ਨਸ਼ਿਆਂ ਦਾ ਤਿਆਗ ਕਰਨ ਦੀ ਸਿਖਿਆ ਦਿੰਦੇ ਹਨ।
ਖਾਣਾ ਖਾਣ ਬਾਰੇ ਗੁਰੂ ਨਾਨਕ ਜੀ ਦੇ ਵਿਚਾਰ- ਬਾਬਾ ਹੋਰੁ ਖਾਣਾ ਖੁਸ਼ੀ ਖੁਆਰੁ॥ ਜਿਤੁ ਖਾਦੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (16) ਜਿਸ ਵੀ ਭੋਜਨ ਖਾਣ ਨਾਲ ਮਨ ਵਿੱਚ ਵਿਕਾਰ ਪੈਦਾ ਹੋਣ ਅਤੇ ਸਰੀਰ ਪੀੜਤ ਹੋਵੇ ਉਹ ਖਾਣਾ ਨਹੀਂ ਖਾਣਾ ਚਾਹੀਦਾ ਭਾਂਵੇ ਦੁੱਧ ਹੋਵੇ ਜਾਂ ਮਾਸ। ਸੋ ਕਿਸੇ ਵਾਸਤੇ ਦੁੱਧ ਚੰਗਾ ਤੇ ਕਿਸੇ ਵਾਸਤੇ ਮਾਸ, ਕਿਸੇ ਨੂੰ ਦਾਲ ਚੌਲ ਹੀ ਮਾਫਕ ਹਨ। ਗੱਲ ਚਸਕਿਆਂ ਤੇ ਰਸਾਂ ਕਸਾਂ ਤੋਂ ਬਚਣ ਦੀ ਹੈ- ਖਸਮੁ ਵਿਸਾਰਿ ਕੀਏ ਰਸ ਭੋਗ॥ ਤਾ ਤਨਿ ਊਠਿ ਖਲੋਏ ਰੋਗ॥ (1256) ਮਾਲਕ ਨੂੰ ਤਿਆਗ ਕੇ ਖਾਦੇ ਪਦਾਰਥਾਂ, ਭੋਗੇ ਭੋਗਾਂ ਅਤੇ ਰਸਾਂ ਕਰਕੇ ਤਾਂ ਸਰੀਰਕ ਰੋਗ ਲੱਗ ਜਾਂਦੇ ਹਨ। ਇਕੱਲਾ ਮਾਸ ਹੀ ਰਸ ਨਹੀਂ ਸੋਨਾ, ਚਾਂਦੀ, ਇਸਤ੍ਰੀ, ਸੁਗੰਧੀਆਂ, ਘੋੜ ਸਵਾਰੀ, ਸੋਹਣੀਆਂ ਸੇਜਾਂ, ਮਹਿਲ ਮਾੜੀਆਂ, ਮਿੱਠੇ ਪਦਾਰਥ ਅਤੇ ਮਾਸ ਆਦਿਕ ਇਹ ਸਾਰੇ ਹੀ ਰਸ ਹਨ- ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ ਏਤੇ ਰਸੁ ਸਰੀਰ ਕੇ ਕੈ ਘਟਿ ਨਾਮੁ ਨਿਵਾਸ॥ (15) ਲੋੜ (ਹੱਦ) ਲਿਮਿਟ ਵਿੱਚ ਰਹਿਣ ਦੀ ਹੈ ਨਾਂ ਕਿ ਛੱਡਣ ਦੀ- ਥੋੜਾ ਸਵੇਂ ਥੋੜਾ ਹੀ ਖਾਵੈ॥ ਗੁਰਮੁਖ ਰਿਦੈ ਗਰੀਬੀ ਆਵੈ॥ (ਭਾ.ਗੁ.) ਇਕੱਲਾ ਮਾਸ ਛੱਡ ਕੇ ਤੁਸੀਂ ਰਸਾਂ ਤੋਂ ਮੁਕਤ ਨਹੀਂ ਹੋ ਸਕਦੇ। ਭੋਜਨ ਦੇ ਤੌਰ ਤੇ ਮਾਸ ਖਾਣ ਦੀ ਰੀਤ ਤਾਂ ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ। ਹਿੰਦੂ ਘਰਾਣੇ ਵਿੱਚ ਜਦ ਬੱਚਾ 9 ਸਾਲ ਦਾ ਹੋ ਜਾਂਦਾ ਤਾਂ ਜਨੇਊ ਦੀ ਰਸਮ ਬੜੀ ਧੂੰਮ-ਧਾਮ ਨਾਲ ਕੀਤੀ ਜਾਂਦੀ ਅਤੇ ਬਕਰਾ ਰਿਨ੍ਹ ਕੇ ਖਾਦਾ ਜਾਂਦਾ- ਕੁਹਿ ਬਕਰਾ ਰਿੰਨ੍ਹਿ ਖਾਇਆ ਸਭੁ ਕੋ ਆਖੈ ਪਾਇ॥ (472) ਇੱਥੇ ਗੁਰੂ ਜੀ ਨੇ ਰਸਮੀ ਜਨੇਊ ਦਾ ਖੰਡਨ ਕੀਤਾ, ਨਾ ਕਿ ਮਾਸ ਦਾ ਸਗੋਂ ਇਹ ਵੀ ਦੱਸਿਆ- ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਸਮਾਣਾ॥ ਜਜਿ ਕਾਜਿ ਵਿਆਹਿ ਸੁਹਾਵੇ ਓਥੇ ਮਾਸੁ ਸਮਾਣਾ॥ (1290) ਮੰਨੇ ਗਏ ਚਾਰ ਜੁਗਾਂ ਭਾਵ ਲੰਬੇ ਸਮੇਂ ਤੋਂ ਵੇਦਾਂ ਕਤੇਬਾਂ ਵਿੱਚ ਵੀ ਮਾਸ ਦੀ ਚਰਚਾ ਹੈ, ਕਿਸੇ ਵੱਡੇ ਕਾਜ ਵਿਆਹ ਆਦਿਕ ਵਿੱਚ ਮਾਸ ਇਕੱਠਾ ਹੁੰਦਾ ਹੈ।
ਜਦ ਗੁਰੂ ਨਾਨਕ ਜੀ ਨਾਲ ਪਾਂਡਿਆਂ ਦੀ ਬਹਿਸ ਚਰਚਾ ਹੋਈ, ਤਾਂ ਗੁਰੂ ਜੀ ਨੇ ਫੁਰਮਾਇਆ- ਪਾਂਡੇ ਤੂੰ ਜਾਣੇ ਹੀ ਨਾਹੀ ਕਿਥੋਂ ਮਾਸ ਉਪੰਨਾ॥ ਤੋਇਹੁ ਅੰਨ ਕਮਾਦ ਕਪਾਹਾ ਤੋਇਹੁ ਤ੍ਰੈਭਵਨ ਗੰਨਾ॥ (1290) ਤੋਆ ਨਾਮ ਪਾਣੀ ਦਾ ਹੈ- ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਹੀ ਸਭੁ ਖਾਹਿ॥ (1240) ਹੋਰ ਫੁਰਮਾਨ ਹੈ- ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਇ॥ (472) ਮੁਕਦੀ ਗੱਲ- ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (472) ਅਖੌਤੀ ਜੀਵ ਹੱਤਿਆ ਤੋਂ ਤਾਂ ਜੀਵ ਬਚ ਹੀ ਨਹੀਂ ਸਕਦਾ, ਕਿਉਂਕਿ ਪਾਣੀ ਅਤੇ ਅੰਨ ਸਭ ਹੀ ਖਾ-ਪੀ ਰਿਹਾ ਹੈ। ਸਾਹ ਰਾਹੀਂ ਵੀ ਸੂਖਮ ਜੀਵ ਅੰਦਰ ਜਾ ਰਹੇ ਹਨ। ਦਹੀਂ ਵਿੱਚ ਵੀ ਬਕਟੀਰੀਆ ਅਸੀਂ ਖਾਂਦੇ ਹਾਂ। ਬਾਕੀ ਜੇ ਜੀਵ ਹੱਤਿਆ ਹੀ ਪਾਪ ਹੈ ਤਾਂ ਫਿਰ ਕਿਸਾਨ- ਜਿਮੀਦਾਰ ਸਭ ਤੋਂ ਵੱਡੇ ਪਾਪੀ ਹਨ ਕਿਉਂਕਿ ਜੇ ਉਹ ਕੀੜੇ ਮਕੌੜੇ, ਚੂਹੇ ਆਦਿਕ ਨਹੀਂ ਮਾਰਨਗੇ ਤਾਂ ਉਹ ਫਸਲ ਖਾ ਜਾਣਗੇ ਫਿਰ ਵੱਡੇ ਵੈਸ਼ਨੂੰ ਭਗਤਾਂ ਨੂੰ ਅੰਨ ਕਿਥੋਂ ਮਿਲੇਗਾ? ਜੋ ਜੀਵ ਹੱਤਿਆ ਨੂੰ ਪਾਪ ਦੱਸਦੇ ਹਨ। ਦੇਖੋ! ਜੇ ਬਾਈ ਚਾਂਸ ਉਨ੍ਹਾਂ ਦੇ ਸਿਰ ਵਿੱਚ ਜੂਆਂ ਪੈ ਜਾਣ ਤਾਂ ਜੀਵ ਹੱਤਿਆ ਦੇ ਵਿਰੋਧੀ ਕੀ ਇਨ੍ਹਾਂ ਜੀਵਾਂ ਨੂੰ ਪਾਲਣਗੇ? ਮੱਛਰ ਜੋ ਮਲੇਰੀਆ ਫੈਲਾਉਂਦਾ ਹੈ, ਕੀ ਉਸ ਵਿੱਚ ਜਾਨ ਨਹੀਂ? ਫਿਰ ਮੱਛਰਾਂ ਨੂੰ ਕਿਉਂ ਮਾਰਦੇ ਹੋ? ਕੀ ਸਾਡੀ ਅਕਲ ਗੁਰੂਆਂ ਨਾਲੋਂ ਵੱਡੀ ਹੋ ਗਈ ਹੈ?
ਜਦ ਮੁਗਲੀਆ ਹਕੂਮਤ ਨੇ ਸ਼ਿਕਾਰ ਖੇਡਣ ਅਤੇ ਝਟਕਾ ਮੀਟ ਖਾਣ ਤੇ ਪਾਬੰਦੀ ਲਗਾ ਦਿੱਤੀ, ਤਾਂ ਗੁਰੂ ਜੀ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਕਿਉਂਕਿ ਇਹ ਕੌਮ ਨੂੰ ਨਿਹੱਥੀ ਅਤੇ ਘਸਿਆਰੀ ਬਣਾ ਕੇ ਗੁਲਾਮ ਬਣਾਈ ਰੱਖਣ ਦੀ ਚਾਲ ਸੀ। ਇਸੇ ਕਰਕੇ ਪੰਥ ਪ੍ਰਵਾਣਿਤ “ਸਿੱਖ ਰਹਿਤ ਮਰਯਾਦਾ” ਵਿੱਚ ਵੀ ਇਸ ਰੀਤੀ “ਹਲਾਲ ਮੀਟ” ਖਾਣ ਦੀ ਮਨਾਹੀ ਹੈ। ਗੁਰੂ ਜੀ ਅਤੇ ਗੁਰੂ ਜੀ ਦੇ ਨਿਕਟ ਵਰਤੀ ਸਿੱਖ ਸ਼ਿਕਾਰ ਖੇਡਦੇ ਸਨ, ਕੀ ਉਹ ਮਾਰ ਕੇ ਸੁੱਟਣ ਵਾਸਤੇ ਖੇਡਦੇ ਸਨ? ਅਖੇ ਜੀ! ਗੁਰੂ ਜੀ ਤਾਂ ਉਨ੍ਹਾਂ ਦੀ ਕਲਿਆਣ ਕਰਦੇ ਸਨ! ਕੀ ਕਲਿਆਣ ਮਾਰ ਕੇ ਹੀ ਕੀਤੀ ਜਾ ਸਕਦੀ ਹੈ? ਗੁਰੂ ਜੀ ਦੀ ਤਾਂ ਸਵੱਲੀ ਨਜ਼ਰ ਹੀ ਜੀਵਾਂ ਨੂੰ ਤਾਰ ਦਿੰਦੀ ਹੈ ਫਿਰ ਮਾਰ ਕੇ ਮੁਕਤੀ ਕਿਉਂ? ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨ ਪਾਈ? (93) ਔਖੇ ਵੇਲੇ ਸਿੰਘਾਂ ਨੇ ਘੋੜਿਆਂ ਬਲਕਿ ਆਪਣੇ ਪੱਟਾਂ ਦਾ ਮਾਸ ਵੀ ਖਾਦਾ ਜਰਾ ਸੋਚੋ! ਜਿਸ ਨੇ ਕਦੇ ਪੱਕਾ ਮਾਸ ਨਾਂ ਖਾਦਾ ਹੋਵੇ ਉਹ ਕੱਚਾ ਮਾਸ ਕਿਵੇਂ ਖਾ ਲਵੇਗਾ? ਜੇ ਸਿੰਘ ਖ਼ਾਲਸੇ “ਸਿੰਘ ਭੋਜਨ” ਛਕਦੇ ਸੀ ਤਾਂ ਹੀ ਉਹ- ਖਾਂਹਿ ਕੱਚੇ ਹੀ ਮ੍ਰਿਗ ਮਾਰ (ਪੰਥ ਪ੍ਰਕਾਸ਼) ਜੰਗ-ਯੁੱਧ ਵੇਲੇ ਕੱਚਾ ਮਾਸ ਖਾ ਜਾਂਦੇ ਸਨ। ਕੁਝ ਕੁ ਸਾਧ ਸੰਪ੍ਰਦਾਵਾਂ ਤੇ ਡੇਰਿਆਂ ਨੂੰ ਛੱਡ ਕੇ ਬਾਕੀ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ, ਮਿਸ਼ਨਰੀ ਸੰਸਥਵਾਂ ਅਤੇ ਨਿਹੰਗ ਸਿੰਘ ਅੱਜ ਵੀ ਛਕਦੇ ਹਨ।
ਨੋਟ:- ਜਿੰਨਾਂ ਨੁਕਸਾਨ ਇਨ੍ਹਾਂ ਡੇਰੇਦਰਾਂ ਤੇ ਟਕਸਾਲੀ ਸੰਪ੍ਰਦਾਈਆਂ ਨੇ ਸਿੱਖ ਕੌਮ ਦਾ ਕੀਤਾ ਹੈ, ਅਤੇ ਜਿਨੇ ਵੱਧ ਬਲਾਤਕਾਰ ਇਹ ਵੈਸ਼ਨੂੰ ਜਾਂ ਸਾਕਾਹਾਰੀ ਕਹਾਉਣ ਵਾਲੇ ਸਾਧ ਅੱਜ ਕਰ ਰਹੇ ਹਨ ਇੰਨੇ ਮਾਸਾਹਾਰੀ ਨਹੀਂ ਕਰਦੇ ਕਿਉਂ? ਇਹ ਲੋਕ ਤਾਂ ਮਾਸ ਨਹੀਂ ਖਾਂਦੇ ਸਗੋਂ ਸਬਜੀਆਂ ਆਦਿਕ ਖਾ ਕੇ ਹੀ ਸਭ ਚੰਦ ਚੜ੍ਹਾਈ ਜਾ ਰਹੇ ਹਨ। ਫਿਰ ਕਉਣ ਠੀਕ ਤੇ ਕਉਣ ਗ਼ਲਤ ਹੈ? ਸਿੰਘ ਦਾ ਅਰਥ ਹੀ ਸ਼ੇਰ ਹੈ, ਗੁਰੂ ਜੀ ਫੁਰਮਾਂਦੇ ਹਨ, ਕਿ ਜਿਵੇਂ ਰਣ ਤੱਤਾ ਦੇਖ ਸੂਰਮੇ ਦੇ ਡੌਲੇ ਫਰਕਦੇ ਹਨ ਇਵੇਂ ਹੀ- ਸਿੰਘ ਰੁਚੈ ਸਦ ਭੋਜਨੁ ਮਾਸ॥ ਰਣ ਦੇਖਿ ਸੂਰੇ ਚਿਤਿ ਉਲਾਸ॥ (1180) ਬਾਕੀ ਵੱਖਰੀ ਗੱਲ ਹੈ ਕਿ ਆਪਣੀ ਸਰੀਰਕ ਸਥਿਤੀ ਅਨੁਸਾਰ ਹੀ ਭੋਜਨ ਕਰਨਾ ਚਾਹੀਦਾ ਹੈ। ਦੁੱਧ ਵਿੱਚ ਵੀ ਬਹੁਤ ਫੈਟ ਹੈ ਜੋ ਕੈਸਟ੍ਰੋਲ ਵਧਾ ਦਿੰਦੀ ਹੈ, ਪਰ ਸੈਲਮਨ ਮੱਛੀ ਖਾਦੀ ਜਾਵੇ ਤਾਂ ਕੈਸਟ੍ਰੋਲ ਘਟਉਂਦੀ ਹੈ।
ਵੇਖੋ ਜਿਨੀ ਹੇਰਾ ਫੇਰੀ ਸਾਡੇ ਵੈਸ਼ਨੂੰ ਦੇਸ਼ ਵਿੱਚ ਹੋ ਰਹੀ ਹੈ, ਰਿਸ਼ਵਤ ਦਾ ਬੋਲਬਾਲਾ ਹੈ ਉਨ੍ਹਾਂ ਅਮਰੀਕਾ ਕਨੇਡਾ ਇੰਗਲੈਂਡ ਆਦਿਕ ਮਾਸ ਖਾਣ ਵਾਲੇ ਦੇਸ਼ਾਂ ਵਿੱਚ ਨਹੀਂ ਫਿਰ ਕੌਣ ਚੰਗਾ ਕੌਣ ਮਾੜਾ ਹੈ? ਸਾਡੇ ਅਖੌਤੀ ਸਾਧ-ਸੰਤ, ਸੰਪ੍ਰਦਾਈ-ਪ੍ਰਚਾਰਕ, ਕਥਾਵਾਚਕ, ਰਾਗੀ-ਢਾਡੀ ਅਤੇ ਅਖੌਤੀ ਵਿਦਵਾਨ ਮਾਸ ਖਾਣ ਵਾਲੇ ਨੂੰ ਤਾਂ ਨਿੰਦਦੇ ਅਤੇ ਬੁਰਾ ਕਹਿੰਦੇ ਨਹੀਂ ਥੱਕਦੇ, ਪਰ ਉਨ੍ਹਾਂ ਦੀ ਦਿੱਤੀ ਮਾਇਆ ਬੜੀ ਨਿਮਰਤਾ ਨਾਲ, ਅੱਖਾਂ ਮੀਚ ਜੇਬ ਵਿੱਚ ਪਾ ਲੈਂਦੇ ਹਨ ਫਿਰ ਕੌਣ ਗਲਤ ਤੇ ਕੌਣ ਠੀਕ ਹੈ? ਗੁਰੂ ਨਾਨਕ ਜੀ ਨੇ ਤਾਂ ਬ੍ਰਾਹਮਣਾਂ ਨੂੰ ਕਿਹਾ ਸੀ- ਜੇ ਉਇ ਦਿਸਹਿ ਨਰਕਿ ਜਾਂਦੈ ਤਾਂ ਉਨ ਕਾ ਦਾਨੁ ਨ ਲੈਣਾ॥ (1290) ਭਾਵ ਜੇ ਮਾਸ ਖਾਣ ਵਾਲੇ ਨਰਕਾਂ ਨੂੰ ਜਾਂਦੇ ਹਨ, ਤਾਂ ਤੁਸੀਂ ਉਨ੍ਹਾਂ ਦੀਆਂ ਦਾਨ-ਭੇਟਾ ਕਿਉਂ ਲੈਂਦੇ ਹੋ? ਇਸ ਸਬੰਧ ਵਿੱਚ ਡਾ. ਗੁਰਮੀਤ ਸਿੰਘ ਬਰਸਾਲ ਅਤੇ ਪ੍ਰਿੰਸੀਪਲ ਗਿ. ਸੁਰਜੀਤ ਸਿੰਘ ਦਿੱਲੀ ਵਾਲਿਆਂ ਦੇ ਲੇਖ ਜੋ “ਸਿੱਖ ਮਾਰਗ” ਵੈਬਸਾਈਟ ਤੇ ਕ੍ਰਮਵਾਰ ਛਪੇ ਸਨ, ਬੜੇ ਗਿਆਨਮਈ ਤੇ ਭਾਵ ਪੂਰਤ ਹਨ ਪੜ੍ਹ ਲੈਣਾ ਜੀ। ਜੇ ਫਿਰ ਵੀ ਤਸੱਲੀ ਨਾਂ ਹੋਵੇ ਤਾਂ ਬਾਬਾ ਗੁਰਬਖਸ਼ ਸਿੰਘ “ਕਾਲਾ ਅਫਗਾਨਾ” ਦੀ ਲਿਖੀ ਪੁਸਤਕ “ਮਾਸ ਮਾਸ ਕਰਿ ਮੂਰਖ ਝਗੜੇ” ਤਾਂ ਜਰੂਰ ਪੜ੍ਹਨਾਂ ਦੀ ਖੇਚਲ ਕਰਨਾ ਜੀ।
ਆਓ, ਅਜਿਹੀਆਂ ਫਜ਼ੂਲ ਦੀਆਂ ਬਹਿਸਾਂ ਛੱਡ ਕੇ, ਸਭ ਮਾਈ-ਭਾਈ ਗੁਰਸਿੱਖ ਇਕੱਠੇ ਹੋ ਕੇ ਡੇਰਾਵਾਦ ਅਤੇ ਸੰਤ-ਮਹੰਤਵਾਦ ਦੀ ਅਮਰਵੇਲ ਨੂੰ, ਪੰਥਕ ਬੂਟੇ ਤੋਂ ਲਾਹ ਸੁੱਟੀਏ ਕਿਉਂਕਿ ਇਨ੍ਹਾਂ ਬੁਰਕੇ (ਬਾਣੇ) ਤਾਂ ਸਿੰਘਾਂ ਵਾਲੇ ਪਾਏ ਹੋਏ ਹਨ ਪਰ ਮਰਯਾਦਾ ਸਨਾਤਨੀ ਚਲਾ ਰਹੇ ਹਨ। ਅਕਾਲ ਤਖਤ ਦੀ “ਸਿੱਖ ਰਹਿਤ ਮਰਯਾਦਾ” ਤੋਂ ਇਹ ਟਕਸਾਲੀ ਸੰਪ੍ਰਦਾਈ ਡੇਰੇਦਾਰ ਬਾਗੀ ਹਨ। ਯਾਦ ਰੱਖੋ ਗੁਰਸਿੱਖ ਕਦੇ ਡੇਰੇਦਾਰ ਅਤੇ ਸੰਪਰਦਾਈ ਨਹੀਂ ਹੋ ਸਕਦਾ। ਸਾਡਾ ਧੁਰਾ ਗੁਰੂ ਗ੍ਰੰਥ ਅਤੇ ਗੁਰੂ ਦਾ ਪੰਥ ਹੈ। ਸਿੱਖ ਨੇ ਸਮੁੱਚੇ ਸੰਸਾਰ ਵਿੱਚ ਵਿਚਰਨਾ ਹੈ ਇਕੱਲੇ ਵੈਸ਼ਨੂੰ ਦੇਸ਼ ਵਿੱਚ ਨਹੀਂ। ਵੱਡੀ ਗੱਲ ਗੁਰੂ ਤੋਂ ਵੱਡੇ ਕਦੇ ਨਾਂ ਬਣੋ। ਸਿੱਖ ਵਾਸਤੇ ਗੁਰੂ ਗਿਆਨ ਤੋਂ ਵੱਡਾ ਕੋਈ ਗਿਆਨ ਨਹੀਂ-ਗਿਆਨਨ ਮਹਿ ਗਿਆਨ ਅਰ ਧਿਆਨਨ ਮਹਿ ਧਿਆਨ ਗੁਰਿ, ਸਗਲ ਧਰਮ ਮਹਿ ਗ੍ਰਿਹਸਤ ਪ੍ਰਧਾਨ ਹੈ (ਭਾ.ਗੁ.)
ਮਾਸ ਤੇ ਘਾਸ ਦੇ ਝਗੜੇ ਵਿੱਚ ਪੈ ਕੇ “ਸਿੱਖ ਜੋ ਮਾਰਸ਼ਲ ਕੌਮ ਹੈ” ਇਸ ਨੂੰ ਘਸਿਆਰੀ ਨਾਂ ਬਣਾ ਦੇਈਏ। ਪਲੀਜ਼ ਮਾਸ ਤੇ ਘਾਸ ਦਾ ਝਗੜਾ ਬੰਦ ਕਰੋ! ਜੇ ਤੁਸੀਂ ਨਹੀਂ ਖਾਂਦੇ ਤਾਂ ਬਹੁਤ ਚੰਗਾ ਹੈ ਪਰ ਖਾਣ ਵਾਲਿਆਂ ਵਿਰੁੱਧ ਭੰਡੀ ਪ੍ਰਚਾਰ ਨਾਂ ਕਰੋ ਜੀ! ਅਤੇ ਡਾਲਰਾਂ ਦੀ ਖਾਤਰ ਮਾਸ ਖਾਣ ਵਾਲੇ ਦੇਸ਼ਾਂ ਵੱਲ ਨਾਂ ਭੱਜੋ ਜੀ। ਲੋਕ ਹਸਦੇ ਹਨ ਕਿ ਸਿੱਖਾਂ ਨੇ ਖਾਣਾਂ ਕੀ ਅਤੇ ਕਿਵੇਂ ਖਾਣਾ ਹੈ? ਭੁੰਝੇ ਜਾਂ ਕੁਰਸੀਆਂ ਮੇਜਾਂ ਤੇ ਬੈਠ ਕੇ ਖਾਣਾ ਹੈ? ਇਸ ਤੇ ਹੀ ਲੜੀ ਜਾ ਰਹੇ ਹਨ। ਧਰਮ ਪ੍ਰਚਾਰ ਵੱਲ ਕੋਈ ਧਿਆਨ ਨਹੀਂ, ਜਿਸ ਕਰਕੇ ਧਰਮ ਪ੍ਰਚਾਰ ਰੁਕਿਆ ਪਿਆ ਹੈ ਅਤੇ ਸਿੱਖ ਨੌਜਵਾਨ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ। ਯਾਦ ਰੱਖੋ ਅਸੀਂ ਗੁਰੂ ਦੇ ਸਿੱਖ ਹਾਂ ਨਾਂ ਕਿ ਵੈਸ਼ਣੂ ਸਾਧਾਂ ਦੇ ਚੇਲੇ ਕਿ ਲੱਸੀ ਪੀਣੀ ਅਤੇ ਚੌਲ ਹੀ ਖਾਣੇ ਹਨ। ਜਰਾ ਸੋਚੋ! ਜਦ ਗੁਰੂ ਨਾਨਕ ਅਰਬ ਦੇਸ਼ਾਂ ਦੀ ਯਾਤਰਾ ਕਰਦੇ ਹੋਏ ਇਸਲਾਮ ਦੇ ਕੇਂਦਰੀ ਅਸਥਾਂਨ ਮੱਕੇ ਹਾਜ਼ੀਆਂ ਦਾ ਬਾਣਾ ਪਾ ਕੇ ਗਏ ਸਨ ਅਤੇ ਰਸਤੇ ਵਿੱਚ ਮੁਸਲਮਾਨ ਹਾਜ਼ੀਆਂ ਦੇ ਕਾਫਲੇ ਵਿੱਚ ਹੀ ਪੜਾ ਕਰਦੇ ਅਤੇ ਭੋਜਨ ਪਾਣੀ ਵੀ ਇਕੱਠਾ ਕਰਦੇ ਸਨ। ਗੁਰੂ ਜੀ ਕੋਈ ਚੌਲਾਂ ਜਾਂ ਆਟੇ ਦੀਆਂ ਬੋਰੀਆਂ ਨਾਲ ਨਹੀਂ ਸਨ ਚੁੱਕੀ ਫਿਰਦੇ। ਜੇ ਜਰਾ ਜਿਨਾਂ ਵੀ ਮੁਸਲਮਾਨ ਹਾਜ਼ੀਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਸ਼ਖਸ਼ ਗੈਰ ਮੁਸਲਮਾਨ ਜਾਂ ਹਿੰਦੂ ਹੈ ਤਾਂ ਉਹ ਗੁਰੂ-ਬਾਬਾ ਜੀ ਦੇ ਵਿਰੁੱਧ ਰੌਲਾ ਪਾ ਦਿੰਦੇ। ਗੁਰੂ ਜੀ ਤਾਂ ਕਟੜਵਾਦੀ ਮੁਸਲਮਾਨ ਆਗੂਆਂ ਨੂੰ ਰੱਬੀ ਗਿਆਨ ਦੇਣ ਲਈ ਮੱਕੇ ਗਏ ਸਨ ਨਾਂ ਕਿ ਕੋਈ ਕਰਾਮਾਤ ਵਿਖਾ ਕੇ ਮੱਕਾ ਘੁਮਾਉਣ ਲਈ। ਜੇ ਗੁਰੂ ਜੀ ਰਸਤੇ ਵਿੱਚ ਖਾਣ-ਪੀਣ ਦਾ ਝਗੜਾ ਖੜਾ ਕਰ ਲੈਂਦੇ ਤਾਂ ਉਹ ਮੱਕੇ ਨਹੀਂ ਸਨ ਜਾ ਸਕਦੇ। ਉਨ੍ਹਾਂ ਨੇ ਖਾਣ-ਪੀਣ ਦੇ ਝਗੜੇ ਨਾਲੋਂ ਰੱਬੀ ਉਪਦੇਸ਼ ਦੇਣ ਨੂੰ ਪਹਿਲ ਦਿੱਤੀ। ਉਨ੍ਹਾਂ ਦੀ ਨਿਗ੍ਹਾ ਵਿੱਚ ਮਾਸ ਖਾਣ ਜਾਂ ਨਾਂ ਖਾਣ ਵਾਲੇ ਦੋਵੇਂ ਬਰਾਬਰ ਸਨ। ਉਹ ਸਭ ਵਿੱਚ ਰੱਬੀ ਜੋਤ ਦਾ ਹੀ ਵਾਸ ਵੇਖਦੇ ਸਨ- ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (663) ਕਬੀਰ ਸਾਹਿਬ ਵੀ ਦਰਸਾਂਦੇ ਹਨ ਕਿ- ਅਵਲਿ ਅਲਾਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ (1349) ਗੁਰੂ ਨਾਨਕ ਸਾਹਿਬ ਤਾਂ ਫੁਰਮਾਂਦੇ ਹਨ ਕਿ- ਜੇ ਰਤੁ ਲਗੈ ਕਪੜੇ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਨਸਾਂ ਤਿਨ ਕਿਉਂ ਨਿਰਮਲੁ ਚੀਤੁ॥ (140) ਹੇ ਕਾਜ਼ੀਓ ਜੇ ਰਤਾ ਰੱਤ (ਲਹੂ) ਲੱਗਣ ਨਾਲ ਜਾਮਾਂ ਪਲੀਤ ਹੁੰਦਾ ਹੈ ਤਾਂ ਫਿਰ ਜੋ ਪਰਾਇਆ ਹੱਕ ਮਾਰ ਕੇ ਗਰੀਬ ਇਨਸਾਨਾਂ ਦਾ ਲਹੂ ਪੀਂਦੇ ਹਨ ਉਨ੍ਹਾਂ ਦਾ ਹਿਰਦਾ ਕਿਵੇਂ ਸਾਫ ਹੋ ਸਕਦਾ ਹੈ? ਗੁਰੂ ਤਾਂ ਹਿੰਦੂ-ਮੁਸਲਮਾਨ ਦੋਹਾਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ- ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾਂ ਭਰੇ ਜਾਂ ਮੁਰਦਾਰੁ ਨਾ ਖਾਇ॥
ਭਾਵ ਪਰਾਇਆ ਹੱਕ ਮਾਰਨਾਂ ਮੁਸਲਮਾਨ ਲਈ ਸੂਰ ਅਤੇ ਹਿੰਦੂਆਂ ਲਈ ਗਊ ਦਾ ਮੁਰਦਾਰ ਖਾਣ ਬਰਾਬਰ ਹੈ। ਖਾਣ-ਪੀਣ ਦੇ ਝਗੜੇ ਨੂੰ ਛੱਡ ਕੇ ਬੁਰੇ ਕਰਮਾਂ ਦਾ ਤਿਆਗ ਕਰਨਾ ਚਾਹੀਦਾ ਹੈ। ਜੀਵ ਉਸ ਦੇ ਹੁਕਮ ਵਿੱਚ ਹੀ ਮਾਰੇ ਤੇ ਰੱਖੇ ਜਾ ਰਹੇ ਹਨ। ਪੂਰਾਂ ਦੇ ਪੂਰ ਜੀਵ ਆ ਰਹੇ ਹਨ ਅਤੇ ਪੂਰਾਂ ਦੇ ਪੂਰ ਜਾ ਰਹੇ ਹਨ। ਇਹ ਸਾਰਾ ਚੱਕਰ ਉਸ ਕਰਤਾਰ ਦਾ ਹੈ। ਮਾਸ ਖਾਣ ਵਾਲੇ ਵੀ ਇਕ ਦਿਨ ਇਸ ਸੰਸਾਰ ਤੋਂ ਤੁਰ ਜਾਣੇ ਹਨ ਅਤੇ ਘਾਸ ਖਾਣ ਵਾਲੇ ਵੀ ਸਦਾ ਬੈਠੇ ਨਹੀਂ ਰਹਿਣੇ। ਇਸੇ ਕਰਕੇ ਬਾਬਾ ਨਾਨਕ ਜੀ ਨੇ ਮਾਸ ਤੇ ਝਗੜਾ ਕਰਨ ਵਾਲਿਆਂ ਨੂੰ ਮੂਰਖ ਕਿਹਾ ਹੈ- ਮਾਸੁ ਮਾਸੁ ਕਰਿ ਮੂਰਖ ਝਗੜੇ ਗਿਆਨੁ ਧਿਆਨੁ ਨਹੀਂ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥ (1289) ਗੁਰੂ ਜੀ ਨੇ ਸਾਨੂੰ ਸ਼ੇਰ (ਸਿੰਘ) ਦੀ ਉਪਾਦੀ ਦਿੱਤੀ ਹੈ ਨਾਂ ਕਿ ਗਊ ਜਾਂ ਭੇਡ ਦੀ ਜੇ ਮਾਸ ਖਾਣ ਵਾਲਾ ਸ਼ੇਰ ਇਨ੍ਹਾਂ ਹੀ ਮਾੜਾ ਹੁੰਦਾ ਫਿਰ ਉਸ ਦੀ ਉਪਾਦੀ ਨਾਂ ਦਿੰਦੇ। ਸ਼ੇਰ ਅਤੇ ਭੇਡ ਦੇ ਹੋਰ ਕਾਰਨਾਮਿਆਂ ਦੇ ਫਰਕ ਨਾਲ ਭੋਜਨ ਵਿੱਚ ਵੀ ਵੱਡਾ ਫਰਕ ਹੈ ਜੋ ਸਦਾ ਰਹਿਣਾ ਹੈ। ਦੇਖੋ ਕੋਈ ਸੌ ਤਰੀਕੇ ਵਰਤ ਕੇ ਵੀ ਸ਼ੇਰ ਨੂੰ ਘਾਹ ਅਤੇ ਗਊ ਨੂੰ ਮਾਸ ਨਹੀਂ ਖਵਾ ਸਕਦਾ ਪਰ ਮਨੁੱਖ ਜੋ ਦੋਹਾਂ ਦਾ ਸਰਦਾਰ ਹੈ ਮਾਸ ਤੇ ਘਾਸ ਦੋਵੇਂ ਖਾ ਸਕਦਾ ਹੈ। ਜਬਰਦਸਤੀ ਕਿਸੇ ਨੂੰ ਕੁਝ ਵੀ ਖਵਾਉਣਾਂ ਨਹੀਂ ਚਾਹੀਦਾ। ਸਰੀਰ ਦੀ ਤੰਦਰੁਸਤੀ ਅਤੇ ਬਲ ਨੂੰ ਦੇਖ ਕੇ ਹੀ ਭੋਜਨ ਕਰਨਾ ਚਾਹੀਦਾ ਹੈ ਪਰ ਬ੍ਰਾਹਮਣ ਦੇ ਪੈਦਾ ਕੀਤੇ ਕਿਸੇ ਪਾਪ-ਪੁੰਨ ਜਾਂ ਵਹਿਮ-ਭਰਮ ਵਿੱਚ ਨਹੀਂ ਪੈਣਾ ਚਾਹੀਦਾ।
ਅਵਤਾਰ ਸਿੰਘ ਮਿਸ਼ਨਰੀ 510-432-5827

Friday, December 31, 2010

ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਗੋਲਡ ਮੈਡਲ ਨਾਲ ਸਨਮਾਨਿਤ



ਪਿਛਲੇ ਦਿਨੀ ਸਿੱਖ ਪੰਥ ਦੇ ਮਹਾਨ ਵਿਦਵਾਨ ਸ: ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨੂੰ ਇੱਕ ਸਾਦੇ ਸਮਾਰੋਹ ਦੌਰਾਨ ਗੁਰੁ ਨਾਨਕ ਸਿੱਖ ਸੋਸਾਇਟੀ ਇੰਡੀਅਨਐਪਲਿਸ ਦੇ ਸੇਵਾਦਾਰਾਂ ਵਲੋਂ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਪ੍ਰੋ: ਗੁਰਮੁਖ ਸਿੰਘ ਜੀ ਦੇ ਨਾਮ ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਗੁਰੁ ਨਾਨਕ ਸਿੱਖ ਸੋਸਾਇਟੀ ਇੰਡੀਅਨਐਪਲਿਸ ਦੇ ਸੇਵਾਦਾਰਾਂ ਵਲੋਂ ਸ: ਗੁਰਬਖਸ਼ ਸਿੰਘ ਜੀ ਨੂੰ ਇੰਡਿਆਨਾ ਵਿਖੇ ਗੁਰਦਵਾਰਾ ਸਾਹਿਬ ਵਿੱਚ ਦਰਸ਼ਨ ਦੇਣ ਦੀ ਬੇਨਤੀ ਕੀਤੀ ਗਈ ਸੀ ਪਰ ਸ: ਗੁਰਬਖਸ਼ ਸਿੰਘ ਜੀ ਨੇ ਸਿਹਤ ਠੀਕ ਨਾ ਹੋਣ ਕਰਕੇ ਆਪਨੇ ਆਉਣ ਤੋਂ ਅਸਮਰੱਥਾ ਜਾਹਿਰ ਕੀਤੀ ਤਾਂ ਗੁਰਦਵਾਰਾ ਸਾਹਿਬ ਦੀ ਕਮੇਟੀ ਵਲੋਂ ਆਪ ਘਰੇ ਜਾ ਕੇ ਹੀ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ। ਸੋ ਇੰਡਿਆਨਾ ਤੋਂ ਬਜੁਰਗ ਆਗੂ ਸ: ਗੁਰਦਿਆਲ ਸਿੰਘ ਜੀ, ਸ: ਸਵਰਨ ਸਿੰਘ ਜੀਭਾਈ ਜਸਬੀਰ ਸਿੰਘ ਜੀ (ਸਾਬਕਾ ਪਿੰ. ਸਾਹਿਬਜਾਦਾ ਜੁਝਾਰ ਸਿੰਘ ਜੀ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ ਰੋਪੜ)ਵੀਰ ਮੱਖਣ ਸਿੰਘ ਜੀ ਤੇ ਰੇਸ਼ਮ ਸਿੰਘ ਨੇ ਟੋਰਾਂਟੋ ਜਾ ਕੇ ਇਸ ਕੰਮ ਨੂੰ ਸਤਿਗੁਰੂ ਜੀ ਦੀ ਬਖਸਿ਼ਸ਼ ਨਾਲ ਨੇਪਰੇ ਚਾੜਿਆ। ਗੁਰਦਵਾਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਸ: ਸੁਰਜੀਤ ਸਿੰਘ ਜੀਸ: ਮਲਕੀਅਤ ਸਿੰਘ ਜੀਸ: ਚਰਨਜੀਤ ਸਿੰਘ ਜੀ ਅਤੇ ਸ: ਜਰਨੈਲ ਸਿੰਘ ਜੀ ਸਮੇ ਦੀ ਘਾਟ ਕਾਰਣ ਇਸ ਵਿੱਚ ਸ਼ਾਮਿਲ ਨਾ ਹੋ ਸਕੇ ਪਰ ਇਸ ਕੰਮ ਨੂੰ ਨੇਪਰੇ ਚਾੜਨ ਵਿੱਚ ਬਹੁਤ ਸੁੰਦਰ ਭੂਮਿਕਾ ਅਦਾ ਕੀਤੀ। ਸ: ਫੁੱਮਣ ਸਿੰਘ ਜੀ ਅਤੇ ਸ: ਪਰੀਤਮੋਹਨ ਸਿੰਘ ਜੀ ਇੰਡੀਆ ਗਏ ਹੋਣ ਕਰਕੇ ਇਸ ਵਿੱਚ ਸ਼ਾਮਿਲ ਨਾ ਹੋ ਸਕੇ ਨਹੀ ਤਾਂ ਇਹ ਸਾਰੇ ਹੀ ਸੱਜਣ ਇਹ ਚਾਹੁੰਦੇ ਸਨ ਕਿ ਕੌਮ ਦੇ ਇਹੋ ਜਿਹੇ ਵਿਦਵਾਨਾਂ ਪ੍ਰਤੀ ਉਹ ਆਪਣੇ ਬਣਦੇ ਫਰਜ਼ਾਂ ਨੂੰ ਨਾਲ ਸ਼ਾਮਿਲ ਹੋ ਕੇ ਨਿਭਾ ਸਕਣ। ਟੋਰਾਂਟੋ ਤੋਂ ਸ: ਗੁਰਚਰਨ ਸਿੰਘ ਜਿਊਣਵਾਲਾ ਜੀ ਨੇ ਰੁਝੇਵਿਆਂ ਦੇ ਬਾਵਯੂਦ ਇਸ ਕਾਰਜ ਨੂੰ ਸਫਲ ਬਣਾਉਣ ਵਿੱਚ ਬਹੁਤ ਮਦਦ ਕੀਤੀ ਤੇ ਉਹ ਆਪ ਆਪਣੇ ਸਾਥੀਆਂ ਸ: ਜਸਵੀਰ ਸਿੰਘਸ: ਕੁਲਵਿੰਦਰ ਸਿੰਘਸ: ਗੁਰਪਰੀਤ ਸਿੰਘ ਨਾਲ ਇਸ ਕਾਰਜ ਦਾ ਇੱਕ ਅਹਿਮ ਹਿੱਸਾ ਬਣੇ।
ਇਸ ਸਮਾਗਮ ਵਿੱਚ ਸ: ਗੁਰਬਖਸ਼ ਸਿੰਘ ਜੀ ਦੁਆਰਾ ਕੀਤੀ ਗਈ ਇਤਿਹਾਸ ਦੀ ਪੜਚੋਲ ਤੇ ਗੁਰਮਤਿ ਸਿਧਾਂਤਾਂ ਨੂੰ ਸਪਸ਼ਟ ਕਰਨ ਹਿੱਤ ਲਿਖੀਆਂ ਗਈਆਂ ਲਿਖਤਾਂ ਬਾਰੇ ਵੀ ਚਰਚਾ ਕੀਤੀ ਗਈ ਪੰਜਾਬ ਵਿੱਚ ਵਧ ਰਹੇ ਡੇਰਾਬਾਦ ਨੂੰ ਠੱਲ ਪਾਉਣ ਲਈ ਸ: ਗੁਰਚਰਨ ਸਿੰਘ ਜਿਊਣਵਾਲਾ ਜੀ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਯਾਦ ਰਹੇ ਕਿ ਸ:ਗੁਰਚਰਨ ਸਿੰਘ ਜੀ ਵਲੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਮਦਦ ਨਾਲ ਬਹੁਤ ਸਾਰੇ ਪਿੰਡਾ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਖੋਲ ਕੇ ਬੱਚਿਆਂ ਤੇ ਵੱਡਿਆਂ ਨੂੰ ਗੁਰਮਤਿ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਅੱਜ ਲੋੜ ਹੇ ਇਹੋ ਜਿਹੇ ਉਪਰਾਲਿਆਂ ਦੀ ਜਿਸਦੇ ਨਾਲ ਸਿੱਖਾਂ ਵਿੱਚ ਜਾਗਰੂਕਤਾ ਪੈਦਾ ਕਰ ਕੇ ਇਹਨਾਂ ਕਾਲਕਾ ਪੰਥੀਆਂ ਦੇ ਪਰਚਾਰਕਾਂ ਦੁਆਰਾ ਸਿੱਖ ਸਿਧਾਂਤਾਂ ਨੂੰ ਵਿਗਾੜ ਕੇ ਬਿਪਰਵਾਦ ਵਿੱਚ ਰੰਗ ਕੇ ਕੀਤੇ ਗਏ ਹਨੇਰੇ ਨੂੰ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿੱਚ ਦੂਰ ਕੀਤਾ ਜਾ ਸਕੇ। ਇਸ ਇਕੱਠ ਵਿੱਚ ਇਹਨਾ ਕਾਲਕਾ ਪੰਥੀਆਂ ਦਾ ਮੁਕਾਬਲਾ ਕਰਨ ਲਈ ਜਾਗਰੂਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ ਗਿਆ ਤੇ ਗੁਰਮਤਿ ਨੂੰ ਪ੍ਰਣਾਏ ਹੋਏ ਪਰਚਾਰਕਾਂ ਦਾ ਵੱਧ ਤੋਂ ਵੱਧ ਸਾਥ ਦੇਣ ਦਾ ਪ੍ਰਣ ਕੀਤਾ ਗਿਆ।
ਇਥੇ ਯਾਦ ਰਹੇ ਕਿ ਪ੍ਰੋ: ਗੁਰਮੁਖ ਸਿੰਘ ਜੀ ਹੋਰਾਂ ਨੂੰ ਵੀ ਵਕਤ ਦੇ ਧਾਰਮਿਕ ਪਦਵੀਆਂ ਤੇ ਬੈਠੇ ਸਰਕਾਰ ਦੇ ਚਾਪਲੂਸਾਂ ਵਲੋਂ ਅਕਾਲ ਤਖ਼ਤ ਸਾਹਿਬ ਜੀ ਦਾ ਨਾਮ ਵਰਤ ਕੇ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ ਪਰ ਆਖਿਰ ਉਹਨਾਂ ਨੂੰ 100 ਸਾਲ ਬਾਅਦ ਇਸ ਹੋਏ ਗੁਨਾਹ ਦੇ ਕਾਰਣ ਉਹਨਾਂ ਅਖੌਤੀ ਜਥੇਦਾਰਾਂ ਦੀ ਗਲਤੀ ਮੰਨਦੇ ਹੋਏ  ਦੁਬਾਰਾ ਸਿੱਖ ਪੰਥ ਵਿੱਚ ਸ਼ਾਮਿਲ ਕੀਤਾ ਗਿਆ ਤੇ ਪ੍ਰੋ: ਗੁਰਮੁਖ ਸਿੰਘ ਜੀ ਦੀਆਂ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਸਲਾਹਿਆ ਗਿਆ। ਇਵੇਂ ਹੀ ਅੱਜ ਦੇ ਇਹ ਅਖੌਤੀ ਜਥੇਦਾਰ ਕਰ ਰਹੇ ਨੇ।ਇਹਨਾ ਹੀਲੋਕਾਂ ਨੇ . ਭਾਗ ਸਿੰਘ ਜੀ ਅੰਬਾਲਾ, ਸ. ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ ਤੇ ਸਿੱਖ ਕੌਮ ਦੇ ਮਹਾਨ ਕੀਰਤਨੀਏ ਤੇ ਵਿਆਖਿਆਕਾਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਣ ਦਾ ਘਿਨਾਉਣਾ ਅਪਰਾਧ ਕੀਤਾ ਹੈ। ਕਦੀ ਸਮਾਂ ਆਵੇਗਾ ਜਦੋਂ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨ ਸੰਸਥਾ ਰਾਜਨੀਤਕ ਤੇ ਭ੍ਰਿਸ਼ਟ ਲੋਕਾਂ ਦੇ ਗੁਲਾਮ ਇਹਨਾਂ ਅਧਰਮੀਆਂ ਦੇ ਚੁੰਗਲ ਚੋਂ ਆਜਾਦ ਹੋਵੇਗੀ ਤੇ ਕੋਈ ਗੁਰਮੁਖ ਪਿਆਰਾ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿੱਚ ਅਕਾਲ ਤਖ਼ਤ ਸਾਹਿਬ ਜੀ ਦਾ ਨਾਮ ਵਰਤ ਕੇ ਕੀਤੇ ਗਏ ਗਏ ਇਹਨਾਂ ਗੁਨਾਹਾਂ ਬਦਲੇ ਕੌਮ ਤੋਂ ਮੁਆਫੀ ਮੰਗੇਗਾ ਤੇ ਸਤਿਕਾਰ ਦੇ ਨਾਲ ਇਹਨਾਂ ਵਿਦਵਾਨਾਂ ਨੂੰ ਦੁਬਾਰਾ ਪੰਥ ਵਿੱਚ ਸ਼ਾਮਿਲ ਕਰੇਗਾ।
ਵੈਸੇ ਇੱਕ ਗੱਲ ਯਾਦ ਰਹੇ ਕਿ ਇਹ ਇਹਨਾਂ ਦਾ ਵਹਿਮ ਹੀ ਹੈ ਕਿ ਜਿਸਨੂੰ ਇਹ ਛੇਕਿਆ ਹੋਇਆ ਕਹਿੰਦੇ ਹਨ ਕੌਮ ਦੀਆਂ ਜਾਗਰੂਕ ਧਿਰਾਂ ਉਹਨਾਂ ਦਾ ਹੋਰ ਜਿਆਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਕਿਉਕਿ ਹੁਣ ਜਹੇ ਕੂੜ ਦੇ ਪੁਜਾਰੀਆਂ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਛੇਕਣ ਵਾਲੇ ਕੂੜਨਾਮੇ ਅਤੇ ਉਸਤੋਂ ਬਾਅਦ ਉਸਨੂੰ ਲਾਗੂ ਕਰਵਾਉਣ ਲਈ ਕੀਤੀ ਗਈ ਗੁੰਡਾਗਰਦੀ ਦੇ ਬਾਵਯੂਦ ਅਨੇਕਾਂ ਸਿੱਖ ਸੰਸਥਾਵਾਂ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਸੋਨੇ ਦੇ ਤਗਮਿਆਂ ਦੁਆਰਾ ਸਨਮਾਨਿਤ ਕਰਨਾ ਤੇ ਸੰਗਤਾਂ ਵਲੋਂ ਉਹਨਾਂ ਨੂੰ ਦਿੱਤੇ ਗਏ ਅਥਾਹ ਸਤਿਕਾਰ ਨੇ ਇਹਨਾਂ ਕਾਲਕਾ ਪੰਥੀਏ ਕੂੜ ਦੇ ਵਪਾਰੀਆਂ ਦੇ ਕੂੜਨਾਮੇ ਦੀ ਹਵਾ ਕੱਢ ਕੇ ਰੱਖ ਦਿੱਤੀ ਏ। ਹਾਂ ਆਪਣੇ ਵਲੋਂ ਇਹ ਕਾਲਕਾ ਪੰਥੀਏ ਕੌਮੀ ਵਿਦਵਾਨਾਂ ਨੂੰ ਜ਼ਲੀਲ ਕਰਨ ਦੀ ਪੂਰੀ ਕੋਸਿਸ਼ ਕਰਦੇ ਨੇਵੈਸੇ ਇਹਨਾਂ ਦੇ ਵੀ ਵੱਸ ਦੀ ਗੱਲ ਨਹੀ ਕਿਉਕਿ ਜਿਸ ਇਸ਼ਟ ਦੀ ਇਹ ਪੂਜਾ ਕਰਦੇ ਨੇ ਉਹਦਾ ਕੰਮ ਹੀ ਮਨੁੱਖਾਂ ਦਾ ਲਹੂ ਪੀਣਾ ਹੈ।
ਬੀਤੇ ਦਿਨੀ ਪ੍ਰੋਇੰਦਰ ਸਿੰਘ ਜੀ ਘੱਗਾ ਉੱਤੇ ਕੀਤਾ ਗਿਆ ਜਾਨ ਲੇਵਾ ਹਮਲਾ ਇਹਨਾ ਕਾਲਕਾ ਪੰਥੀਆਂ ਵਿੱਚ ਆਈ ਬੁਖਲਾਹਟ ਦਾ ਹੀ ਨਤੀਜਾ ਹੈ ਕਿਉਕਿ ਇਹ ਵਿਚਾਰਧਾਰਕ ਤੌਰ ਉੱਤੇ ਆਪਣੀ ਹਾਰ ਮੰਨ ਚੁੱਕੇ ਹਨ ਤੇ ਸਿੱਖੀ ਨੂੰ ਸਮਰਪਿਤ ਵਿਦਵਾਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਇਹਨਾਂ ਦੇ ਝੂਠੇ ਮੱਕਾਰੀ ਲਾਂਬੇ ਵਰਗਿਆਂ ਵਿੱਚ ਨਹੀ ਕਿਉਕਿ ਇਹ ਝੂਠ ਵਿੱਚ ਗਰਕਣ ਨੂੰ ਤਰਜੀਅ ਦਿੰਦੇ ਨੇ ਤੇ ਸੱਚ ਇਹਨਾਂ ਨੂੰ ਜ਼ਹਿਰ ਦਿਖਾਈ ਦਿੰਦਾ ਏ ਪਰ ਇਹ ਵਿਚਾਰੇ ਇਹ ਨਹੀ ਜਾਣਦੇ ਕਿ ਜਿਸ ਗੁਰੂ ਨੇ ਤਲਵਾਰ ਬਖਸ਼ੀ ਸੀ ਉਸ ਗੁਰੁ ਨੇ ਕ੍ਰਿਪਾ + ਆਨ ਦੇ ਅਰਥ ਵੀ ਸਮਝਾਏ ਸਨ ਤੇ ਕ੍ਰਿਪਾਨ ਨੂੰ ਆਖਰੀ ਹਥਿਆਰ ਵਜੋਂ ਸੱਚ ਨੂੰ ਬਰਕਰਾਰ ਰੱਖਣ ਲਈ ਵਰਤਣ ਦੀ ਹਦਾਇਤ ਕੀਤੀ ਸੀ।ਇਹਨਾਂ ਨੂੰ ਇਹ ਨਹੀ ਪਤਾ ਕਿ ਇਹੋ ਜਿਹੀਆਂ ਤਲਵਾਰਾਂ ਅਸੀਂ ਵੀ ਪਹਿਨੀਆਂ ਹੋਈਆਂ ਹਨ ਪਰ ਸਾਡੇ ਮਹਾਨ ਗੁਰੂ ਗਰੰਥ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵਿਚਾਰਾਂ ਦੀ ਤਲਵਾਰ ਬਖਸ਼ੀ ਏ ਜਿਸ ਦੀ ਵਰਤੋਂ ਦੇ ਨਾਲ ਅਸੀਂ ਇਹਨਾ ਕਾਲਕਾ ਪੰਥੀਆਂ ਦੇ ਲਾਂਬਿਆਂ ਦੁਆਰਾ ਫੈਲਾਏ ਗਏ ਕੂੜ ਨੂੰ ਗੁਰਮਤਿ ਰੂਪੀ ਸ਼ਮ੍ਹਾ ਦੁਆਰਾ ਲਾਂਬੂ ਲਾ ਕੇ ਛੱਡਾਂਗੇ ਤੇ ਉਸ ਵਿੱਚੋਂ ਬਚੀ ਹੋਈ ਇਹਨਾਂ ਦੇ ਪਾਪਾਂ ਰੂਪੀ ਕਾਲਖ ਨਾਲ ਇਹਨਾਂ ਦੇ ਚਿਹਰੇ ਵੀ ਧੁਆਂਖ ਜਾਣਗੇ।
ਅੰਤ ਵਿੱਚ ਸ: ਚਰਨਕਮਲ ਸਿੰਘਅਮਰੀਕ ਸਿੰਘ ਅਤੇ ਤਰਨਜੀਤ ਸਿੰਘ ਦਾ ਵੀ ਕਾਫੀ ਸਮਾਂ ਕੱਢਣ ਲਈ ਧੰਨਵਾਦ ਕੀਤਾ ਗਿਆ। ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰ ਕਰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਇਸ ਅਸਥਾਨ ਤੇ ਸਾਰੇ ਗੁਰਪੁਰਬ ਤੇ ਇਤਿਹਾਸਕ ਦਿਹਾੜੇ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੁਆਰਾ ਹੀ ਮਨਾਏ ਜਾਂਦੇ ਹਨ। ਜਿੱਥੇ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਦੁਆਰਾ ਨਾਨਕਸ਼ਾਹੀ ਕੈਲੰਡਰ ਬਾਰੇ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕੀਤੀ ਗਈ ਉੱਥੇ ਇਹ ਗੱਲ ਵੀ ਚੱਲੀ ਕਿ ਉਹਨਾ ਵਲੋਂ ਆਪਣੇ ਕਾਰਜਕਾਲ ਦੌਰਾਨ ਹੋਈਆ ਗਲਤੀਆਂ (ਸ: ਗੁਰਬਖ਼ਸ਼ ਸਿੰਘ ਜੀ ਕਾਲਾ ਅਫਗਾਨਾ ਅਤੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸ: ਜੋਗਿੰਦਰ ਸਿੰਘ ਨੂੰ ਛੇਕਣਾ ਅਤੇ ਧਨਵੰਤ ਸਿੰਘ ਵਾਲੇ ਫੈਸਲੇ) ਦੀ ਮੁਅਫੀ ਕੌਮ ਕੋਲੋਂ ਮੰਗ ਲੈਣੀ ਚਾਹੀਦੀ ਏ ਤੇ ਅੱਗੋਂ ਤੋਂ ਕੌਮ ਦੇ ਨਿਅਰੇਪਨ ਲਈ ਸਾਰਥਿਕ ਯਤਨ ਕਰਨੇ ਚਾਹੀਦੇ ਹਨ। ਇਵੇਂ ਕੌਮ ਦੀ ਚੜ੍ਹਦੀ ਕਲਾ ਬਾਰੇ ਗੰਭੀਰ ਵਿਚਾਰਾਂ ਕਰਦਿਆਂ ਇਹ ਸਨਮਾਨ ਸਮਾਰੋਹ ਇੱਕ ਨਿਆਰਾ ਇਕੱਠ ਹੋ ਨਿਬੜਿਆ।
ਰੇਸ਼ਮ ਸਿੰਘ
317-538-7116

Tuesday, December 28, 2010

ਨਵਾਂ ਸਾਲ 2011 ਮੁਬਾਰਕ, ਸਾਡੇ ਕਰਨਯੋਗ ਕੁੱਝ ਪ੍ਰਣ

ਉਹ ਹਰ ਸਮਾਂ ਹੀ ਨਿੱਤ ਨਵਾਂ ਹੈ ਜੋ-ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰੁ (660) ਦੀ ਯਾਦ ਵਿੱਚ ਲੰਘੇ-
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ 
ਜਿਤੁ ਦਿਨਿ ਵਿਸਰੇ ਪਾਰਬ੍ਰਹਮੁ ਫਿਟੁ ਭੁਲੇਰੀ ਰੁਤਿ (318) 
ਸੋ ਕੋਈ ਵੀ ਨਿਮਖ, ਪਲ, ਘੜੀ, ਪਹਰ, ਮਹੂਰਤ, ਦਿਨ-ਰਾਤ ਹਫਤਾ, ਮਹੀਨਾ ਅਤੇ ਸਾਲ ਮਾੜਾ ਨਹੀਂ ਸਗੋਂ ਮਾੜੇ ਚੰਗੇ ਸਾਡੇ ਕਰਮ ਹਨ। ਜਿਵੇਂ ਹਰ ਸਾਲ ਬਨਾਸਪਤੀ ਨੂੰ ਨਵੇਂ ਫੁੱਲ ਖਿੜਦੇ ਅਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ਇਵੇਂ ਹੀ ਸਾਡੇ ਹਿਰਦੇ ਵੀ ਸ਼ੁਭ ਗੁਣਾਂ ਦੇ ਫੁੱਲ ਅਤੇ ਅਗਾਂਹ ਵਧੂ ਵਿਚਾਰਾਂ ਦੀਆਂ ਕਰੂੰਬਲਾਂ ਪੈਦਾ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕੱਟ ਕੇ ਪਰੂਣੀ ਕੀਤੀ ਵੇਲ ਨੂੰ ਵਧੀਆ ਫਲ ਲੱਗਦੇ ਹਨ ਇਵੇਂ ਹੀ ਬੁਰੇ ਕਰਮ, ਗੰਦੀ ਸੋਚ, ਪਿਛਾਂਹ ਖਿੱਚੂ ਪੁਰਾਣੇ ਤੇ ਬੋਸੇ ਵਿਚਾਰ ਜੋ ਭਰਮ-ਗਿਆਨੀਆਂ, ਮਿਥਿਹਾਸਕ ਗ੍ਰੰਥਾਂ ਅਤੇ ਮਨਮਤਿ ਰਾਹੀਂ ਸਾਡੇ ਹਿਰਦੇ ਤੇ ਦਿਲ ਦਿਮਾਗ ਵਿੱਚ ਪਾ ਅਤੇ ਅਮਰਵੇਲ ਵਾਂਗ ਉੱਪਰ ਚੜ੍ਹਾ ਦਿੰਦੇ ਹਨ। ਉਨ੍ਹਾਂ ਨੂੰ ਗੁਰੂ ਸ਼ਬਦ ਗਿਆਨ ਦੇ ਨਸ਼ਤ੍ਰ ਨਾਲ ਕੱਟ ਛੱਟ ਕੇ ਹਰ ਸਾਲ ਪਰੂਣੀ ਕਰਨ ਦੀ ਲੋੜ ਹੈ ਤਾਂ ਕਿ ਸ਼ੁਭ ਗੁਣਾਂ ਅਤੇ ਸਰਬ ਪ੍ਰਵਾਣਤ ਅਗਾਂਹ ਵਧੂ ਉਸਾਰੂ ਵਿਚਾਰਾਂ ਦੇ ਚੰਗੇ ਫਲ ਲੱਗ ਸੱਕਣ। ਜਿਵੇਂ ਹਰੇਕ ਕਾਰੋਬਾਰ ਭਾਵ ਕਿਰਤ ਕਮਾਈ ਕਰਨ ਵਾਲਾ ਇਨਸਾਨ ਲਾਭ ਵਾਸਤੇ ਕੰਮ ਕਰਦਾ ਹੈ। ਹਰ ਸਾਲ ਦੇ ਅਖੀਰ ਤੇ ਲੇਖਾ ਜੋਖਾ ਕਰਦਾ ਹੈ ਕਿ ਕਿੰਨਾ ਲਾਭ, ਘਾਟਾ, ਅਤੇ ਖਰਚਾ ਹੋਇਆ? ਮੈਂ ਅੱਗੇ ਕਿਵੇਂ ਕਰਨਾ ਹੈ? ਇਵੇਂ ਹਿਸਾਬ ਕਿਤਾਬ ਰੱਖਣ ਵਾਲਾ ਇਨਸਾਨ ਹਾਨ-ਲਾਭ ਬਾਰੇ ਸੋਚ ਕੇ ਆਪਣੀ ਦੁਨੀਆਵੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਬੇਹਿਸਾਬਾ ਵਿਅਕਤੀ ਹਮੇਸ਼ਾਂ ਘਾਟੇ ਵਿੱਚ ਰਹਿੰਦਾ ਹੈ ਅਤੇ ਸੰਸਾਰੀ ਵੀ ਉਸ ਦੀ ਇਜ਼ਤ ਨਹੀਂ ਕਰਦੇ। ਇਵੇਂ ਹੀ ਸਿੱਖ ਨੇ ਵੀ ਇਹ ਲੇਖਾ ਜੋਖਾ ਕਰਨਾ ਹੈ ਕਿ ਮੈ ਹੁਣ ਤੱਕ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ, ਫਿਲੌਸਫੀ ਅਤੇ ਇਤਿਹਾਸ ਤੋਂ ਕੀ ਸਿਖਿਆ ਹੈ? ਸਿੱਖ ਦੇ ਅਰਥ ਹੀ ਸਿਖਿਆਰਥੀ ਹਨ, ਜੋ ਹਮੇਸ਼ਾ ਸਿੱਖਦਾ ਰਹਿੰਦਾ ਹੈ। ਹਰੇਕ ਸਿੱਖ ਨੂੰ ਗੁਰਬਾਣੀ ਦਾ ਆਪ ਪਾਠ ਕਰਨਾ ਅਰਥ ਸਿੱਖਣੇ ਅਤੇ ਕਮਉਣੇ ਚਾਹੀਦੇ ਹਨ। ਸਿੱਖ ਰਹਿਤਮਰਯਾਦਾ, ਸਿੱਖ ਫਿਲੌਸਫੀ ਅਤੇ ਇਤਿਹਾਸ ਆਪ ਪੜਦੇ ਜਾਂ ਸੁਣਦੇ ਰਹਿਣਾ ਚਾਹੀਦਾ ਹੈ। ਭੇਖੀ ਸਾਧਾਂ-ਸੰਤਾਂ, ਸੰਪ੍ਰਦਾਈਆਂ ਅਤੇ ਪੁਜਾਰੀਆਂ ਤੇ ਹੀ ਨਿਰੀ ਟੇਕ ਨਹੀਂ ਰੱਖਣੀ ਚਾਹੀਦੀ ਜੋ ਜੋਕਾਂ ਵਾਂਗ ਸਿੱਖ ਕੌਮ ਦਾ ਖੂਨ ਪੀਂਦੇ ਹੋਏ ਕੌਮ ਵਿੱਚ ਵਹਿਮ-ਭਰਮ, ਫੋਕਟ-ਕਰਮਕਾਂਡ, ਸੁੱਚ-ਭਿੱਟ, ਛੂਆ-ਛਾਤ ਅਤੇ ਜਾਤ-ਪਾਤ ਆਦਿ ਫਲਾ ਰਹੇ ਹਨ। ਜਿਨ੍ਹਾਂ ਨੇ ਅਰਸ਼ੀ ਸਿੱਖੀ ਨੂੰ ਪੱਥਰ ਯੁੱਗ ਦਾ ਧਰਮ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜੋ ਬ੍ਰਾਹਮਣੀ ਗ੍ਰੰਥਾਂ ਦੀਆਂ ਬੇ-ਫਜ਼ੂਲ ਮਿਥਿਹਾਸਕ ਕਥਾ ਕਹਾਣੀਆਂ, ਗੁਰਦੁਆਰਿਆਂ ਵਿੱਚ ਸੁਣਾ-ਸੁਣਾ ਕੇ ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਵਰਗੇ ਅਸ਼ਲੀਲ ਗੰਦੀ ਕਵਿਤਾ ਵਾਲੇ ਗ੍ਰੰਥ ਨੂੰ ਹਿੱਕ ਦੇ ਜੋਰ ਨਾਲ ਪ੍ਰਕਾਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਘਟਾ ਕੇ ਸਿੱਖ ਸਿਧਾਤਾਂ ਦੀਆਂ ਜੜ੍ਹਾਂ ਵੱਢ ਰਹੇ ਹਨ। ਸੋ ਜਿਵੇਂ ਸਮੇਂ ਦੀ ਚਾਲ ਹਰ ਵੇਲੇ ਚਲਦੀ ਰਹਿੰਦੀ ਹੈ ਇਵੇਂ ਹੀ ਸਿੱਖ ਵੀ ਹਰ ਵੇਲੇ ਸਿੱਖਦਾ ਸਿਖਾਂਦਾ ਅਤੇ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਕਰਨਯੋਗ ਕਰਮ ਧਰਮ ਅਤੇ ਪਰਣ ਕਰਦਾ ਹੋਇਆ ਯਤਨਸ਼ੀਲ ਰਹਿੰਦਾ ਹੈ।

ਕਰਨਯੋਗ ਕਰਮ-ਧਰਮ ਅਤੇ ਪ੍ਰਣ
ਆਓ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਔਗੁਣਾਂ ਦਾ ਤਿਆਗ ਕਰਕੇ ਸ਼ੁਭ ਗੁਣ ਧਾਰਨ ਕਰਾਂਗੇ।
ਧਰਮ ਦੀ ਕਿਰਤ ਕਰਦੇ ਹੋਏ ਵੰਡ ਛਕਾਂਗੇ ਅਤੇ ਅਕਾਲ ਪੁਰਖ ਦਾ ਨਾਮ ਜਪਾਂਗੇ।
ਗੁਰਬਾਣੀ ਆਪ ਪੜ੍ਹਦੇ-ਪੜ੍ਹਾਂਦੇ, ਗਾਂਦੇ, ਵਿਚਾਰਦੇ ਅਤੇ ਧਾਰਦੇ ਹੋਏ ਹੋਰਨਾਂ ਨੂੰ ਵੀ ਸਿਖਾਵਾਂਗੇ, ਨਿਰਾ ਸਾਰੀ ਉਮਰ ਪਾਠੀਆਂ ਤੋਂ ਪਾਠ ਹੀ ਨਹੀਂ ਕਰਾਈ ਜਾਵਾਂਗੇ। ਹਰ ਗੁਰਦੁਆਰੇ ਨਾਲ ਲਾਇਬ੍ਰੇਰੀ, ਸਕੂਲ, ਕਾਲਜ ਅਦਿਕ ਖੋਲਾਂਗੇ ਜਿੱਥੇ ਦਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ ਜਾ ਸਕੇ।
ਗੁਰਦੁਆਰਿਆਂ, ਧਰਮ-ਅਸਥਾਨਾਂ ਵਿੱਚ ਪੜ੍ਹੇ ਲਿਖੇ ਟ੍ਰੇਂਡ ਪ੍ਰਚਾਰਕਾਂ ਅਤੇ ਰਾਗੀ ਗ੍ਰੰਥੀਆਂ ਨੂੰ ਭਰਤੀ ਕਰਾਂਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ, ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਧਾਰਨੀ ਪ੍ਰਚਾਰਕ ਹੋਣ ਅਤੇ ਕਥਾ ਕੀਰਤਨ ਵਿੱਚ ਬ੍ਰਾਹਮਣੀ ਕਥਾ ਕਹਾਣੀਆਂ ਸੁਣਾ-ਸੁਣਾ ਕੇ ਸਿੱਖੀ ਦਾ ਭਗਵਾਕਰਨ ਨਾਂ ਕਰਨ।
ਪੰਥ ਤੋਂ ਬਗੈਰ, ਕਿਸੇ ਭੇਖੀ ਸਾਧ-ਸੰਤ ਸੰਪ੍ਰਦਾਈ ਨੂੰ, ਮਾਨਤਾ ਨਹੀਂ ਦੇਵਾਂਗੇ ਅਤੇ ਨਾਂ ਹੀ ਆਪਣੇ ਜਾਂ ਆਪਣੇ ਤੋਂ ਵੱਡੀ ਕਿਸੇ ਵੀ ਹਸਤੀ ਦੇ ਨਾਂ ਦੇ ਅੱਗੇ ਜਾਂ ਪਿਛੇ ਸੰਤ ਸ਼ਬਦ ਵਰਤਾਂਗੇ ਸਗੋਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਨਾਮ ਭਾਈ, ਬਾਬਾ, ਸਿੰਘ ਅਤੇ ਕੌਰ ਸ਼ਬਦਾਂ ਦੀ ਵਰਤੋਂ ਕਰਾਂਗੇ।

ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੋਥੀ ਜਾਂ ਅਖੌਤੀ ਦਸਮ ਗ੍ਰੰਥ ਆਦਿ ਦਾ ਪ੍ਰਕਾਸ਼ ਨਹੀਂ ਕਰਾਂਗੇ ਅਤੇ ਨਾਂ ਹੀ ਕਿਸੇ ਦੋਖੀ ਨੂੰ ਕਰਨ ਦੇਵਾਂਗੇ। ਨੋਂਟ-ਡੇਰੇਦਾਰ ਤੇ ਟਕਸਾਲੀ ਅਜਿਹਾ ਅਨਰਥ ਸ਼ਰੇਆਂਮ ਕਰ ਰਹੇ ਹਨ।

ਸਿੱਖ ਗੁਰਦੁਆਰਿਆਂ ਤੇ ਫਿਰ ਆਪਣੇ ਘਰਾਂ ਵਿੱਚੋਂ ਕੁੰਭ, ਨਾਰੀਅਲ, ਜੋਤਾਂ, ਮੌਲੀਆਂ, ਹਵਨ ਨੁਮਾਂ ਗੁਗਲ ਦੀਆਂ ਧੂਫਾਂ ਅਤੇ ਹਵਨ ਸਮੱਗਰੀਆਂ ਕੱਢਾਂਗੇ। ਗੁਰੂ ਗ੍ਰੰਥ ਸਹਿਬ ਜੀ ਦੇ ਪਾਠ ਨਾਲ ਇਹ ਸਾਰੀ ਬ੍ਰਾਹਮਣੀ ਪੂਜਾ ਸਮੱਗਰੀ ਨਹੀਂ ਰੱਖਾਂਗੇ ਅਤੇ ਨਾਂ ਹੀ ਕਿਸੇ ਨੂੰ ਰੱਖਣ ਦਿਆਂਗੇ।

ਮਾਰੂ ਨਸ਼ਿਆਂ ਦਾ ਤਿਆਗ ਕਰਦੇ ਹੋਏ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿਉਂਕਿ ਨਸ਼ਿਆਂ ਨਾਲ ਜਿੱਥੇ ਧੰਨ ਬਰਬਾਦ ਹੁੰਦਾ, ਬੇਇਜ਼ਤੀ ਹੁੰਦੀ, ਭਿਆਨਕ ਰੋਗ ਲਗਦੇ ਹਨ ਓਥੇ ਮਤਿ ਵੀ ਮਾਰੀ ਜਾਂਦੀ ਹੈ-ਜਿਤੁ ਪੀਤੈ ਮਤਿ ਦੂਰਿ ਹੋਏ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ … ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (554)

ਔਰਤ ਦਾ ਮਰਦ ਦੇ ਬਰਾਬਰ ਸਨਮਾਨ ਕਰਾਂਗੇ, ਧੀਆਂ ਦੀ ਭਰੂਣ ਹਤਿਆ ਨਹੀਂ ਕਰਾਂਗੇ ਕਿਉਂਕਿ ਇਹ ਮਾਨ ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਨੇ ਬਖਸ਼ਦਿਆਂ ਫੁਰਮਾਇਆ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (473) ਜੇ ਮਰਦ ਗੁਰਬਾਣੀ ਦਾ ਪਾਠ ਕਥਾ ਕੀਰਤਨ ਗੁਰੂ ਘਰ ਦੀ ਹਰੇਕ ਪ੍ਰਕਾਰ ਸੇਵਾ ਕਰ ਸਕਦਾ ਹੈ ਤਾਂ ਔਰਤ ਵੀ ਇਹ ਸਭ ਕੁੱਝ ਕਰ ਸਕਦੀ ਹੈ ਪਰ ਸੰਪ੍ਰਦਾਈ ਤੇ ਕੇਸਾਧਾਰੀ ਬ੍ਰਾਹਮਣੀ ਟੋਲੇ ਅਜੋਕੇ ਸਿੰਘ ਸਹਿਬਾਨ ਰੂਪੀ ਆਦਿਕ ਅਖੌਤੀ ਆਗੂਆਂ ਨੇ ਬ੍ਰਹਾਮਣਾਂ ਵਾਂਗ ਹੀ ਸਿੱਖ ਔਰਤਾਂ ਤੇ ਵੀ ਅਜਿਹੀ ਮੰਨੂਵਾਦੀ ਪਾਬੰਦੀ ਲਾ ਰੱਖੀ ਹੈ, ਜਿਸ ਨੂੰ ਰਲ ਕੇ ਤੋੜਾਂਗੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬੀਬੀਆਂ ਨੂੰ 52 ਪੀਹੜੇ ਬਖਸ਼ੇ ਸਨ।

ਸਿੱਖ ਧਰਮ ਦੇ ਦਰਵਾਜੇ ਸਭ ਮਾਈ ਭਾਈ ਲਈ ਖੁਲ੍ਹੇ ਰੱਖਾਂਗੇ ਕਿਉਂਕਿ-ਸਭੇ ਸਾਂਝੀਵਾਲ ਸਦਾਇਨਿ (97) ਅਤੇ ਉਪਦੇਸ਼ੁ ਚਹੁ ਵਰਨਾ ਕਉ ਸਾਂਝਾ (747)

ਵੱਧ ਤੋਂ ਵੱਧ ਬੋਲੀਆਂ (ਭਾਸ਼ਾਵਾਂ) ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਫਿਲੌਸਫੀ ਆਦਿਕ ਦਾ ਪ੍ਰਚਾਰ ਬੜੀ ਫਰਾਕ ਦਿਲੀ ਨਾਲ ਕਰਾਂਗੇ। ਇਹ ਸਭ ਗੁਰੂ ਦੀ ਗੋਲਕ ਨਾਲ ਅਤੇ ਸਿੱਖਾਂ ਦੇ ਦਸਵੰਧ ਨਾਲ ਹੋ ਸਕਦਾ ਹੈ। ਅੱਜ ਕੱਲ੍ਹ ਅਖਬਾਰਾਂ, ਰਸਾਲੇ, ਸੀਡੀਆਂ, ਟੀ. ਵੀ. , ਮੂਵੀਆਂ ਅਤੇ ਇੰਟ੍ਰਨੈੱਟ ਆਦਿਕ ਦਾ ਜੁੱਗ ਹੈ। ਇਸ ਸਭ ਪ੍ਰਕਾਰ ਦੇ ਮੀਡੀਏ ਰਾਹੀਂ ਸਿੱਖੀ ਦਾ ਪ੍ਰਚਾਰ ਕਰਾਂਗੇ, ਇਸ ਨੂੰ ਗੁਰਬਾਣੀ ਦਾ ਪ੍ਰਚਾਰ ਸਮਝਾਂਗੇ ਨਾ ਕਿ ਬੇਅਦਬੀ।
ਕੁਝ ਸਵੇਦਨਸ਼ੀਲ ਮਸਲੇ ਜਿਵੇਂ ਰਾਗ ਮਾਲਾ, ਅਖੌਤੀ ਦਸਮ ਗ੍ਰੰਥ, ਸਿੱਖ ਬੀਬੀਆਂ ਦੀ ਸ੍ਰ਼ੀ ਦਰਬਾਰ ਸਾਹਿਬ ਵਿਖੇ ਕੀਰਤਨ ਅਤੇ ਪੰਜਾਂ ਪਿਆਰਿਆਂ ਵਿੱਚ ਖੰਡੇ ਪਾਹੁਲ ਦੀ ਸੇਵਾ, ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾਂ ਆਦਿਕ ਨੂੰ ਫੌਰਨ ਬੜੀ ਦ੍ਰਿੜਤਾ ਅਤੇ ਸੁਹਿਰਦਤਾ ਨਾਲ, ਨਿਕਟ ਭਵਿੱਖ ਵਿੱਚ ਹੱਲ ਕਰਾਂਗੇ।
ਆਏ ਦਿਨ ਸਾਧਾਂ ਸੰਪ੍ਰਦਾਈਆਂ ਦੇ ਦਬਾਅ ਥੱਲੇ ਆ ਕੇ, ਅਖੌਤੀ ਜਥੇਦਾਰਾਂ ਵਲੋਂ, ਪੰਥਕ ਵਿਦਵਾਨਾਂ ਨੂੰ ਪੰਥ ਵਿੱਚੋ ਛੇਕਣਾ ਅਤੇ ਛੇਕਣ ਦੀਆਂ ਧਮਕੀਆਂ ਦੇਣ ਦੀ ਬਜਾਏ ਸਗੋਂ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਚਲਾ ਕੇ ਵਿਚਾਰ ਵਿਟਾਂਦਰੇ ਅਤੇ ਪ੍ਰੇਮ ਪਿਆਰ ਰਾਹੀਂ ਮਸਲੇ ਹੱਲ ਕੀਤੇ ਜਾਣ।
ਪੰਥਕ ਅਖ਼ਬਾਰਾਂ, ਰਸਾਲੇ, ਰੇਡੀਓ, ਲਿਖਾਰੀ ਅਤੇ ਜੋ ਅਦਾਰੇ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਅਤੇ ਸਿੱਖ ਰਹਿਤ ਮਰਯਾਦਾ ਦਾ ਡਟ ਕੇ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ।
ਜੋ ਡੇਰੇ ਜਾਂ ਗੁਰਦੁਆਰੇ ਸ਼੍ਰੀ ਅਕਾਲ ਤਖ਼ਤ ਦੀ ਮਰਯਾਦਾ ਨੂੰ ਨਹੀਂ ਮੰਨਦੇ ਓਥੇ ਜਾਣਾ ਅਤੇ ਖੂਨ ਪਸੀਨੇ ਦੀ ਕੀਤੀ ਕਮਾਈ ਚੋਂ ਭੇਟਾ ਚੜਾਉਣੀ ਬੰਦ ਕੀਤੀ ਜਾਵੇ ਜੋ ਕੌਮੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।
ਛੁੱਟੀਆਂ ਜਾਂ ਜਦੋਂ ਵੀ ਵਿਹਲ ਮਿਲੇ ਇਸਾਈ ਮਿਸ਼ਨਰੀਆਂ ਦੀ ਤਰ੍ਹਾਂ ਡੋਰ-ਟੂ ਡੋਰ ਹਰੇਕ ਮਾਈ ਭਾਈ ਪ੍ਰਚਾਰ ਕਰੇ ਅਤੇ ਗੁਰਮਤਿ ਸਬੰਧੀ ਵਧੀਆ ਲਿਟ੍ਰੇਚਰ ਵੰਡਿਆ ਜਾਵੇ।
ਜੇ ਅਜਿਹਾ ਕਰਦੇ ਹਾਂ ਤਾਂ ਨਵਾਂ ਸਾਲ ਮੁਬਾਰਕ ਤੇ ਭਾਗਾਂਵਾਲਾ ਹੋ ਸਕਦਾ ਹੈ ਵਰਨਾਂ ਰਸਮੀ ਪਾਠ, ਕੀਰਤਨ, ਕਥਾ, ਢਾਡੀ ਦਰਬਾਰਾਂ, ਵੰਨ ਸੁਵੰਨੇ ਲੰਗਰ ਅਤੇ ਡੈਕੋਰੇਸ਼ਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਜਿਨ੍ਹਾਂ ਚਿਰ ਗੁਰੂ ਬਾਬਾ ਨਾਨਕ ਜੀ ਦੀ ਸੱਚੀ ਸੁੱਚੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਨਹੀਂ ਅਪਨਉਂਦੇ ਅਤੇ ਉਸ ਦਾ ਪ੍ਰਚਾਰ ਅਮਲੀ ਰੂਪ ਵਿੱਚ ਨਹੀਂ ਕਰਦੇ। ਪੁਜਰੀਵਾਦ, ਸਾਧਵਾਦ, ਭੇਖਵਾਦ, ਸੁੱਚ-ਭਿਟ, ਭਰਮ ਅਤੇ ਪਾਖੰਡਵਾਦ ਤੋਂ ਗੁਰੂ ਗਿਆਨ ਆਸਰੇ ਬਚ ਜਾਈਏ ਤਾਂ ਨਵਾਂ ਸਾਲ ਮੁਬਾਰਕ ਹੈ।
ਅਵਤਾਰ ਸਿੰਘ ਮਿਸ਼ਨਰੀ, ਕੈਲੀਫੋਰਨੀਆ

Saturday, December 25, 2010

ਪੰਜਾਬ ਵਿੱਚ 75 ਹਜਾਰ ਭਰੂਣ ਕੁੱਖ ਵਿਚੋਂ ਹੀ ਗਾਇਬ - ਇੱਕ ਰਿਪੋਰਟ


ਬੇਟੀ ਬਚਾਉ ਮੰਚ ਵਲੋਂ ਜਨਵਰੀ 2010 ਤੋਂ ਲੈ ਕੇ ਅਕਤੂਬਰ 2010 ਤੱਕ ਰਜਿਸਟਰ ਹੋਏ ਗਰਭ ਧਾਰਣ ਕਰਨ ਦੇ ਕੇਸਾਂ ਵਿਚੋਂ ਵੱਡੀ ਗਿਣਤੀ ਵਿੱਚ ਗਾਇਬ ਹੋਏ ਕੇਸਾਂ ਦੀ ਪੜਤਾਲ ਕਰਕੇ ਉਪਰੋਕਤ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ। 
ਭਰੂਣ ਹੱਤਿਆ ਦਾ ਕਲੰਕ ਆਪਣੇ ਮੱਥੇ ਉਪਰ ਸਹੇੜੀ ਬੈਠੇ ਪੰਜਾਬ ਪ੍ਰਦੇਸ ਦੀਆਂ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਪਾਸੇ ਕਈ ਕਦਮ ਚੁੱਕੇ ਜਾਣ ਦੀਆਂ ਖਬਰਾਂ ਆਮ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਭਾਵੇਂ ਕਿ ਇਹ ਬਿਮਾਰੀ ਭਾਰਤ ਦੇ ਹੋਰ ਸੂਬਿਆਂ ਵਿੱਚ ਵੀ ਪਸਰੀ ਹੋਈ ਹੈ, ਪਰ ਪੰਜਾਬ ਸਮੇਤ ਹਰਿਆਣਾ ਅਤੇ ਦਿੱਲੀ ਵਰਗੇ ਉਤਰੀ ਰਾਜਾਂ ਵਿੱਚ ਇਸਨੇ ਬੜਾ ਹੀ ਦੈਂਤਕ ਰੂਪ ਦਿਖਾਇਆ ਹੈ। ਸਮਾਜ ਸੇਵੀ ਸੰਸਥਾਂਵਾਂ ਅਤੇ ਹੋਰ ਐਨ.ਜੀ.ਓ ਵਲੋਂ ਇਸ ਪਾਸੇ ਸ਼ਲਾਘਾਯੋਗ ਕੰਮ ਕਰਨ ਕਰਕੇ ਪੰਜਾਬ ਵਿੱਚ ਅਲਟਰਾ ਸਾਊਂਡ ਸਕੈਨ ਰਾਹੀਂ ਗਰਭ ਵਿੱਚਲੇ ਬੱਚੇ ਦਾ ਲਿੰਗ ਪਤਾ ਕਰਨ ਦੇ ਕਾਲੇ ਕੰਮਾਂ ਉਪਰ ਤਕਰੀਬਨ ਰੋਕ ਲੱਗ ਚੁੱਕੀ ਹੈ। ਪਰ ਹਾਲੀਆ ਜਾਰੀ ਕੀਤੀ ਤਾਜਾ ਰਿਪੋਰਟ ਨੇ ਇਸ ਸਬੰਧੀ ਕਾਰਵਾਈਆਂ ਉਪਰੋਂ ਪੂਰੀ ਤਰ੍ਹਾਂ ਹੀ ਪਰਦਾ ਚੁੱਕ ਦਿੱਤਾ ਹੈ। ਸਾਰੇ ਦਾਅਵਿਆਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਭਰੁਣ ਗਾਇਬ ਹੋਣੇ ਬੜਾ ਹੀ ਗੰਭੀਰ ਵਿਸ਼ਾ ਬਣ ਗਿਆ ਹੈ।
ਉਪਰੋਕਤ ਰਿਪੋਰਟ ਦੇ ਆਧਾਰ ਤੇ ਜਿਲੇ ਵਾਰ ਗਾਇਬ ਹੋਏ ਭਰੁਣਾਂ ਦੀ ਸੂਚੀ ਇਸ ਪ੍ਰਕਾਰ ਬਣਾਈ ਗਈ ਹੈ।
ਜਿਲਾ                                   ਗਾਇਬ ਹੋਏ ਭਰੂਣ (ਪ੍ਰਤੀਸ਼ਤ)
ਐਸ.ਏ.ਐਸ.ਨਗਰ (ਮੁਹਾਲੀ)      57%
ਪਟਿਆਲਾ                               44%
ਫਤਹਿਗੜ ਸਾਹਿਬ                  44%
ਕਪੂਰਥਲਾ                               38%
ਫਰੀਦਕੋਟ                               37%
ਸੰਗਰੂਰ                                   37%
ਫਿਰੋਜਪੁਰ                               31%
ਰੋਪੜ                                      31%
ਮੋਗਾ                                       25%
ਬਰਨਾਲਾ                                20%
ਜਲੰਧਰ                                   20%
ਲੁਧਿਆਣਾ                               19%
ਹੁਸ਼ਿਆਰਪੁਰ                           18%
ਗੁਰਦਾਸਪੁਰ                            17%
ਨਵਾਂ ਸ਼ਹਿਰ                             16%
ਬਠਿੰਡਾ                                   15%
ਮਾਨਸਾ                                    12%
ਤਰਨਤਾਰਨ                            9%
ਅੰਮ੍ਰਿਤਸਰ                               9%
ਮੁਕਤਸਰ                                 6%

ਉਪਰੋਕਤ ਅੰਕੜਿਆਂ ਨੂੰ ਗਹੁ ਨਾਲ ਵਾਚੀਏ ਤਾਂ ਇੱਕ ਹੋਰ ਤ੍ਰਾਸਦੀ ਸਾਹਮਣੇ ਆਉਂਦੀ ਹੈ। ਸਭ ਤੋਂ ਖਤਰਨਾਕ ਹਾਲਤ ਮੁਹਾਲੀ, ਪਟਿਆਲਾ ਅਤੇ ਫਤਹਿਗੜ ਸਾਹਿਬ ਜਿਲਿਆ ਤੋਂ ਪ੍ਰਾਪਤ ਹੋਈ ਹੈ। ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਔਸ਼ਤ ਤੋਂ ਵੱਧ ਆਮਦਨ ਵਾਲੇ ਇਹਨਾਂ ਜਿਲਿਆਂ ਵਿਚੋਂ ਇੰਨੀ ਵੱਡੀ ਗਿਣਤੀ ਵਿੱਚ ਭਰੁਣ ਗਾਇਬ ਹੋਣੇ ਬੜਾ ਹੀ ਚਿੰਤਾ ਦਾ ਵਿਸ਼ਾ ਹੈ। ਕਪੂਰਥਲਾ ਜਿਲਾ ਭਾਵੇਂ ਵੱਧ ਪੜ੍ਹੇ ਲਿਖੇ ਲੋਕਾਂ ਦੀ ਕਤਾਰ ਵਿੱਚ ਨਹੀਂ ਆਉਂਦਾ। ਪਰ ਇਥੋਂ ਵੱਡੀ ਗਿਣਤੀ ਵਿੱਚ ਵਿਦੇਸ਼ ਗਏ ਲੋਕਾਂ ਦੀ ਬਦੌਲਤ ਆਰਥਿਕ ਹਾਲਤ ਔਸਤ ਤੋਂ ਵੱਧ ਹੈ, ਇੱਥੇ ਵੀ 38% ਭਰੂਣ ਗਾਇਬ ਹੋਏ ਹਨ।

ਇਸਦੇ ਉਲਟ ਮੁਕਤਸਰ ਵਰਗੇ ਪਛੜੇ ਇਲਾਕਿਆਂ ਚੋਂ ਕੇਵਲ 6% ਪ੍ਰਤੀਸ਼ਤ ਭਰੂਣ ਗਾਇਬ ਹੋਣ ਦੀ ਖਬਰ ਹੈ।

ਇਸਤੋਂ ਇਹੀ ਖਤਰਨਾਕ ਤੱਤਸਾਰ ਕੱਢਿਆ ਜਾ ਸਕਦਾ ਹੈ ਕਿ ਪੜ੍ਹੇ ਲਿਖੇ ਵਰਗ ਵਿੱਚ ਭਰੂਣ ਹੱਤਿਆ ਦੀ ਬਿਮਾਰੀ ਖਤਰਨਾਕ ਹਾਲਤ ਤੱਕ ਪਹੁੰਚ ਚੁੱਕੀ ਹੈ। ਪੜ੍ਹੇ ਲਿਖੇ ਅਮੀਰ ਲੋਕਾਂ ਦੀ ਸੋਚ ਵਿੱਚ ਲੜਕੀ ਪ੍ਰਤੀ ਵਿਚਾਰ ਬੜੇ ਹੀ ਚਿੰਤਾਜਨਕ ਹਨ। ਸਮਾਜ ਦੇ ਇਸ ਕਲੰਕ ਨੂੰ ਪੜ੍ਹੇ ਲਿਖੇ ਲੋਕਾਂ ਦੀ ਸ਼ਹਿ ਮਿਲਣਾ ਕਿਸੇ ਨੂੰ ਵੀ ਹਜਮ ਨਹੀਂ ਹੋ ਰਿਹਾ।

ਮੈਂ ਤਾਂ ਇਸ ਰੂਝਾਣ ਲਈ ਕਥਿੱਤ ਧਾਰਮਿਕ ਵਿਸ਼ਵਾਸ਼ ਅਤੇ ਡੇਰੇਦਾਰਾਂ ਦੇ ਪਾਖੰਡ ਜ਼ਾਲ ਨੂੰ ਹੀ ਜਿੰਮੇਵਾਰ ਸਮਝਦਾ ਹਾਂ। ਪੰਜਾਬ ਵਿਚਲੇ ਡੇਰੇਦਾਰਾਂ ਵਲੋਂ ਕਦੇ ਵੀ ਆਪਣੇ ਸ਼ਰਧਾਲੂਆਂ ਨੂੰ ਲੜਕੀ ਦਾ ਵਰਦਾਨ ਨਹੀਂ ਦਿੱਤਾ ਜਾਂਦਾ। ਸਗੋਂ ਹਮੇਸ਼ਾਂ ਲੜਕੇ ਦੀ ਪ੍ਰਾਪਤੀ ਲਈ ਅਰਦਾਸਾਂ ਅਤੇ ਉਚੇਚੇ ਕਾਰ ਵਿਹਾਰ ਕੀਤੇ ਜਾਂਦੇ ਹਨ। ਲੋਕਾਂ ਦੀ ਮਾਨਸਿਕਤਾ ਨੂੰ ਭਟਕਾਉਣ ਲਈ ਇਹ ਕਥਿੱਤ ਧਾਰਮਿਕ ਆਗੂ ਅਤੇ ਅਖੌਤੀ ਡੇਰੇਦਾਰ ਹੀ ਪ੍ਰਮੁੱਖ ਰੂਪ ਵਿੱਚ ਜਿੰਮੇਵਾਰ ਹਨ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਜੇਕਰ ਇਸ ਸਬੰਧੀ ਕੁੱਝ ਕਰਨਾ ਚਾਹੁੰਦੀਆਂ ਹਨ ਤਾਂ ਨਿਸ਼ਚੇ ਹੀ ਉਹਨਾਂ ਨੂੰ ਇਹਨਾਂ ਡੇਰੇਦਾਰਾਂ ਖਿਲਾਫ ਸੰਘਰਸ਼ ਵਿੱਢਣਾ ਹੋਵੇਗਾ। 

ਦੂਜੀ ਕਤਾਰ ਵਿੱਚ ਡੇਰੇਦਾਰਾਂ ਤੋਂ ਬਾਦ ਡਾਕਟਰੀ ਭੇਖ ਵਿੱਚ ਸ਼ਾਮਲ ਹੋ ਚੁੱਕੀਆਂ ਕਾਲੀਆਂ ਬਿੱਲੀਆਂ ਦੀ ਲਗਾਮ ਖਿੱਚਣੀ ਸਮੇਂ ਦੀ ਲੋੜ ਹੈ। ਸਰਕਾਰ ਵਲੋਂ ਭਾਵੇਂ ਕਿ ਸਕੈਨਿੰਗ ਵਗੈਰਾ ਤੇ ਪਾਬੰਦੀ ਲਾਗੂ ਕੀਤੀ ਗਈ ਹੈ। ਪਰ ਇਸ ਆੜ ਵਿੱਚ ਸਮਾਜ ਦਾ ਬੇੜਾ ਗਰਕ ਕਰਨ ਵਾਲੇ ਮੈਡੀਕਲ ਪੇਸ਼ੇ ਨਾਲ ਜੁੜੇ ਲੋਕ ਵੱਧ ਪੈਸਿਆਂ ਦੇ ਲਾਲਚ ਵਿੱਚ ਇਹ ਕਾਲੇ ਕੰਮ ਅੰਜਾਮ ਦੇ ਰਹੇ ਹਨ। ਇਹਨਾਂ ਦੀ ਮਿਲੀ ਭੁਗਤ ਤੋਂ ਬਗੈਰ ਇੰਨੀ ਵੱਡੀ ਗਿਣਤੀ ਵਿੱਚ ਭਰੂਣ ਗਾਇਬ ਹੋਣੇ ਕਦੇ ਵੀ ਸੰਭਵ ਨਹੀਂ। ਇਹਨਾਂ ਖਿਲਾਫ ਕਾਨੂੰਨ ਦਾ ਸਿਕੰਜਾ ਹੋਰ ਜਕੜ ਕੇ ਨੱਥ ਪਾਉਣੀ ਸਮੇਂ ਦੀ ਹੀ ਮੁੱਖ ਲੋੜ ਹੈ।

ਇਸ ਕਲੰਕ ਤੋਂ ਛੁਟਕਾਰਾ ਪਾਉਣ ਲਈ ਸਾਰੇ ਪੰਜਾਬ ਨੂੰ ਜੂਝਣਾ ਹੋਵੇਗਾ, ਪ੍ਰਣ ਲੈਣਾ ਪਵੇਗਾ ਕਿ ਭਾਵੇਂ ਧੀ ਹੋਵੇ ਜਾਂ ਪੁੱਤਰ, ਸਾਰੇ ਹੀ ਵਾਹਿਗੁਰੂ ਜੀ ਦੀ ਦਾਤ ਹੈ। ਇਹਨਾਂ ਨਾਲ ਵਿਤਕਰਾ ਕਰਨਾ ਰੱਬੀ ਹੁਕਮ ਤੋਂ ਸਪੱਸ਼ਟ ਰੂਪ ਵਿੱਚ ਮੂੰਹ ਮੋੜਣਾ ਹੋਵੇਗਾ। 

ਪਤਾ ਨਹੀਂ, ਆਉਣ ਵਾਲੇ ਸਮੇਂ ਵਿੱਚ ਸਾਡੇ ਸਮਾਜ ਦਾ ਨਕਸ਼ਾ ਕਿਹੋ ਜਿਹਾ ਬਣਨ ਜਾ ਰਿਹਾ ਹੈ। ਸਾਨੂੰ ਆਪਣੇ ਪੁੱਤਰਾਂ ਲਈ ਨੂੰਹਾਂ ਲੱਭਣੀਆਂ ਹੀ ਮੁਸ਼ਕਲ ਹੋ ਜਾਣਗੀਆਂ। ਚਾਚੀਆਂ, ਤਾਈਆਂ, ਮਾਸੀਆਂ, ਭੂਆਂ ਵਰਗੇ ਰਿਸ਼ਤੇ ਗਾਇਬ ਹੁੰਦੇ ਤਾਂ ਅਸੀਂ ਦੇਖਣੇ ਸ਼ੁਰੂ ਕਰ ਹੀ ਚੁੱਕੇ ਹਾਂ, ਹੁਣ ਤਾਂ ਸੰਤਾਨ ਉਤਪਤੀ ਵੀ ਇੱਕ ਚੁਨੌਤੀ ਬਣਨ ਜਾ ਰਹੀ ਹੈ। ਸਮਾਜ ਦੇ ਜਿੰਮੇਵਾਰ ਲੋਕ ਜਦੋਂ ਜਾਗਣਗੇ, ਸ਼ਾਇਦ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੋਵੇਗੀ।
ਗੁਰਮੀਤ ਸਿੰਘ ਕਾਦੀਆਨੀ,ਕਪੂਰਥਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਹਿੰਦੀ ਦੀ ਪੁਸਤਕ "ਸਿੱਖ ਇਤਿਹਾਸ" ਵਿੱਚ ਤੋਲਿਆ ਗਿਆ ਕੁਫਰ

ਪਾਵਨ ਗੁਰਧਾਮਾਂ ਉਪਰ ਕਾਬਜ ਭ੍ਰਿਸ਼ਟ ਸਿਅਸਤਦਾਨ ਕੀ ਕਦੇ ਆਪਣੀ ਗਲਤੀ ਦਾ ਪਛਤਾਵਾ ਕਰਨਗੇ ?
ਜਾਂ ਆਪਹੁਦਰੀਆਂ ਕਾਰਵਾਈਆਂ ਕਰਕੇ ਗੁਰਮੁੱਖ ਪਿਆਰਿਆਂ ਨੂੰ ਹੀ ਪੰਥ ਵਿਚੋਂ ਛੇਕਣਾ ਜਾਰੀ  ਰੱਖਣਗੇ।